ਨਵੀਂ ਦਿੱਲੀ: ਦੇਸ਼ਭਰ ਵਿੱਚ ਬਰਡ ਫਲੂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਪੰਚਕੂਲਾ ਵਿੱਚ ਦੋ ਪੋਲਟ੍ਰੀ ਫਾਰਮਾਂ 'ਚ 3700 ਦੇ ਕਰੀਬ ਮੁਰਗੀਆਂ ਨੂੰ ਮਾਰ ਕੇ ਜ਼ਮੀਨ ਵਿੱਚ ਦਬਾਇਆ ਗਿਆ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ ਵੀ ਬਰਡ ਫਲੂ ਹੋਣ ਦੀ ਪੁਸ਼ਟੀ ਹੋਈ ਹੈ।
ਕਾਨਪੁਰ ਚਿੜੀਆਘਰ ਹੋਇਆ ਬੰਦ
ਉੱਤਰ ਪ੍ਰਦੇਸ਼ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਕਾਨਪੁਰ ਸਥਿਤ ਚਿੜੀਆਘਰ ਨੂੰ ਬੰਦ ਕਰ ਦਿੱਤਾ ਗਿਆ ਹੈ। 6 ਜਨਵਰੀ ਨੂੰ ਚਿੜੀਆਘਰ ਵਿੱਚ ਚਾਰ ਪੰਛੀ ਮਰੇ ਹੋਏ ਪਾਏ ਗਏ ਸਨ।
ਸੜਕ ਦੇ ਨੇੜੇ ਮਿਲੇ ਮਰੇ ਹੋਏ ਕਈ ਮੁਰਗੇ
ਪਿੰਡ ਬਹਾਦੁਰਗੜ੍ਹ ਦੇ ਨੇੜੇ ਇੱਕ ਸੜਕ ਕਿਨਾਰੇ ਕਈ ਮਰੇ ਹੋਏ ਮੁਰਗੇ ਮਿਲੇ ਹਨ। ਉਥੇ ਹੀ ਕਰਨਾਲ ਦੇ ਨੇਵਲ ਕਮਾਂਡੋ ਕੰਪਲੈਕਸ ਵਿਖੇ ਵੀ ਪੰਜ ਬਗੁਲੇ ਮਰੇ ਹੋਏ ਮਿਲੇ ਹਨ।
3700 ਦੇ ਕਰੀਬ ਮੁਰਗੀਆਂ ਨੂੰ ਮਾਰਿਆ ਗਿਆ
ਰਾਏਪੁਰਰਾਨੀ-ਬਰਵਾਲਾ ਪੋਲਟਰੀ ਫਾਰਮ ਵਿਖੇ ਬਰਡ ਫਲੂ ਦੇ ਲੱਛਣ ਪਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਦੀ ਰੈਪਿਡ ਐਕਸ਼ਨ ਟੀਮ ਨੇ 3700 ਮੁਰਗੀਆਂ ਨੂੰ ਮਾਰ ਕੇ ਟੋਏ ਵਿੱਚ ਦਬਾ ਦਿੱਤਾ। ਇਨ੍ਹਾਂ ਟੀਮਾਂ ਨੇ ਸਿਧਾਰਥ ਪੋਲਟਰੀ ਵਿੱਚ ਇੱਕ ਹਜ਼ਾਰ ਅਤੇ ਨੇਚਰ ਪੋਲਟਰੀ ਵਿੱਚ 2700 ਮੁਰਗੀਆਂ ਨੂੰ ਮਾਰਿਆ। ਪੋਲਟਰੀ ਫਾਰਮ ਵਿੱਚ ਮੁਰਗੀਆਂ ਨੂੰ ਦਬਾਉਣ ਲਈ ਜੇਸੀਬੀ ਰਾਹੀਂ ਡੂੰਘੀ ਖੁਦਾਈ ਕਰਵਾਈ ਗਈ।
ਪੰਜਾਬ ਸਰਕਾਰ ਨੇ ਪੋਲਟਰੀ ਦੇ ਆਯਾਤ 'ਤੇ ਲਾਈ ਪਾਬੰਦੀ
ਪੰਜਾਬ ਸਰਕਾਰ ਵੱਲੋਂ ਗੁਆਂਢੀ ਸੂਬਿਆਂ ਵਿੱਚ ਪੰਛੀਆਂ ਸਮੇਤ ਪੋਲਟਰੀ ਨੂੰ ਪ੍ਰਭਾਵਤ ਕਰਨ ਵਾਲੇ ਬਰਡ ਫਲੂ ਦੇ ਫੈਲਾਅ ਦੇ ਮੱਦੇਨਜ਼ਰ ਸੂਬੇ ਨੂੰ 'ਕੰਟਰੋਲਡ ਏਰੀਆ' ਐਲਾਨਿਆ ਗਿਆ ਹੈ। ਇੱਕ ਹੋਰ ਵੱਡੇ ਫੈਸਲੇ ਤਹਿਤ ਪੰਜਾਬ ਸਰਕਾਰ ਵੱਲੋਂ 15 ਜਨਵਰੀ ਤੱਕ ਤੁਰੰਤ ਪ੍ਰਭਾਵ ਨਾਲ ਪੰਜਾਬ ਰਾਜ ਵਿੱਚ ਪੋਲਟਰੀ ਅਤੇ ਬਿਨਾਂ ਪ੍ਰੋਸੈਸ ਵਾਲੇ ਪੋਲਟਰੀ ਮੀਟ ਸਮੇਤ ਜੀਵਿਤ ਪੰਛੀਆਂ ਦੇ ਆਯਾਤ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ।
ਕੰਟਰੋਲ ਰੂਮ ਸਥਾਪਤ
ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਕੇਰਲਾ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ, ਭਾਰਤ ਸਰਕਾਰ ਨੇ ਰਾਜ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਰੋਕਥਾਮ ਅਤੇ ਨਿਯੰਤਰਣ ਉਪਾਵਾਂ ਦੇ ਰੋਜ਼ਾਨਾ ਅਧਾਰ 'ਤੇ ਸਟਾਕ ਲੈਣ ਲਈ ਨਵੀਂ ਦਿੱਲੀ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ।