ਮੁੰਬਈ: ਸਾਲ 1993 ਵਿੱਚ ਮੁੰਬਈ ਵਿੱਚ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਇਕ ਦੋਸ਼ੀ ਯੂਸੁਫ਼ ਮੇਮਨ ਦੀ ਮੌਤ ਹੋ ਗਈ ਹੈ। ਯੂਸੁਫ਼ ਨਾਸਿਕ ਦੀ ਜੇਲ੍ਹ ਵਿਚ ਬੰਦ ਸੀ ਅਤੇ ਉੱਥੇ ਉਸ ਦੀ ਮੌਤ ਹੋ ਗਈ ਹੈ। ਯੂਸੁਫ਼ 'ਤੇ ਮੁੰਬਈ ਵਿਚ ਹੋਏ ਸੀਰੀਅਲ ਧਮਾਕੇ ਦੀ ਸਾਜਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਸੀ।
ਦਰਅਸਲ ਯੂਸੁਫ਼ ਮੇਮਨ ਅੰਡਰਵਰਲਡ ਗੈਂਗਸਟਰ ਟਾਈਗਰ ਮੇਮਨ ਦਾ ਛੋਟਾ ਭਰਾ ਹੈ ਜੋ ਕਿ 1993 ਦੇ ਮੁੰਬਈ ਧਮਾਕਿਆਂ ਦਾ ਮੁੱਖ ਦੋਸ਼ੀ ਹੈ ਅਤੇ ਸਰਕਾਰ ਸਾਲਾਂ ਤੋਂ ਉਸ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੀ ਹੈ। ਇਕ ਅਧਿਕਾਰੀ ਮੁਤਾਬਕ ਯੂਸੁਫ਼ ਦੀ ਮੌਤ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਵਿੱਚ ਭੇਜਿਆ ਗਿਆ ਹੈ।
ਦੱਸ ਦਈਏ ਕਿ ਸਾਲ 1993 ਵਿਚ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਇੱਕ ਤੋਂ ਬਾਅਦ ਹੋਏ 12 ਬੰਬ ਧਮਾਕਿਆਂ ਨਾਲ ਕੰਬ ਗਈ ਸੀ। 12 ਮਾਰਚ ਨੂੰ ਦੋ ਘੰਟੇ 10 ਮਿੰਟ ਦੇ ਅੰਦਰ ਹੋਏ ਇਨ੍ਹਾਂ 12 ਧਮਾਕਿਆਂ ਵਿੱਚ ਤਕਰੀਬਨ 317 ਲੋਕ ਮਾਰੇ ਗਏ ਸਨ। ਇਸ ਧਮਾਕੇ ਵਿੱਚ ਅੰਡਰਵਰਲਡ ਸਰਗਨਾ ਦਾਊਦ ਇਬਰਾਹਿਮ ਦਾ ਨਾਂਅ ਵੀ ਆਇਆ ਸੀ।
ਇਸ ਲੜੀਵਾਰ ਧਮਾਕੇ ਵਿਚ ਟਾਈਗਰ ਮੇਮਨ ਨੂੰ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਨਾਲ ਧਮਾਕੇ ਦੀ ਸਾਜਿਸ਼ ਦਾ ਮਾਸਟਰਮਾਈਂਡ ਦੱਸਿਆ ਗਿਆ ਸੀ। ਇਸ ਦੇ ਨਾਲ ਹੀ ਯੂਸੁਫ਼ 'ਤੇ ਮੁੰਬਈ ਦੀ ਅਲ-ਹੁਸੈਨੀ ਇਮਾਰਤ' ਚ ਅੱਤਵਾਦੀ ਗਤੀਵਿਧੀਆਂ ਲਈ ਆਪਣੇ ਫਲੈਟ ਅਤੇ ਗੈਰੇਜ ਦੀ ਇਜਾਜ਼ਤ ਦੇਣ ਦਾ ਦੋਸ਼ ਲਾਇਆ ਗਿਆ ਸੀ।
ਉਸ ਸਮੇਂ ਯੂਸੁਫ਼ ਦੇ ਇੱਕ ਹੋਰ ਭਰਾ ਯਾਕੂਬ ਮੇਮਨ, ਜਿਸ ਨੂੰ ਇਸੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਉਸ ਨੂੰ 2015 ਵਿੱਚ ਫਾਂਸੀ ਦਿੱਤੀ ਗਈ ਸੀ। ਯੂਸੁਫ਼ ਨੂੰ ਵਿਸ਼ੇਸ਼ ਟਾਡਾ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।