ਸੋਨੀਪਤ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਦਿੱਲੀ ਪਹੁੰਚ ਗਏ ਹਨ। ਕਿਸਾਨਾਂ ਨੂੰ ਹੁਣ ਸਾਰੇ ਰਾਜਨੀਤਿਕ ਦਲਾਂ ਦੇ ਨਾਲ-ਨਾਲ ਫ਼ਿਲਮੀ ਹਸਤੀਆਂ ਦਾ ਵੀ ਸਾਥ ਮਿਲ ਰਿਹਾ ਹੈ। ਸਿੰਘੂ ਬਾਰਡਰ ਉੱਤੇ ਡਟੇ ਕਿਸਾਨਾਂ ਦੇ ਸਮੱਰਥਨ ਵਿੱਚ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਖ਼ੁਦ ਪਹੁੰਚੇ ਹਨ।
ਯੋਗਰਾਜ ਸਿੰਘ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਪਣੇ ਹੱਕਾਂ ਦੇ ਲਈ ਦਿੱਲੀ ਵੱਲ ਨਿਕਲੇ ਹਾਂ। ਪੰਜਾਬ ਦੇ ਕਿਸਾਨਾਂ ਦਾ ਸਰਕਾਰ ਨੂੰ ਕੁੱਝ ਮਿਸਕਲਕੁਲੇਸ਼ਨ ਹੋ ਗਿਆ ਹੈ। ਮੈਂ ਉਨ੍ਹਾਂ ਦੱਸ ਦੇਣਾ ਚਾਹੁੰਦਾ ਹਾਂ ਕਿ ਇਹ ਕਸ਼ਮੀਰ ਨਹੀਂ ਹੈ। ਇਹ ਉਹ ਲੋਕ ਹਨ, ਜਿਨ੍ਹਾਂ ਨੇ ਹਿੰਦੁਸਤਾਨ ਨੂੰ ਜ਼ਿੰਦਾਬਾਦ ਰੱਖਿਆ ਅਤੇ ਹਿੰਦੁਸਤਾਨੀਆਂ ਨੂੰ ਜ਼ਿੰਦਾਬਾਦ ਰੱਖਿਆ। ਇਥੇ ਸਾਰੇ ਵਰਗਾਂ ਦੇ ਲਈ ਸਾਡੇ ਲੋਕਾਂ ਨੇ ਕੁਰਬਾਨੀ ਦਿੱਤੀ ਹੈ।
ਯੋਗਰਾਜ ਨੇ ਕਿਹਾ ਕਿ ਅੰਨਦਾਤਾ ਜੋ ਕਿ ਪੂਰੇ ਦੇਸ਼ ਦਾ ਢਿੱਡ ਪਾਲਦਾ ਹੈ, ਉਸ ਦੀ ਪਿੱਠ ਵਿੱਚ ਛੂਰਾ ਮਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅੰਗਰੇਜ਼ ਅਤੇ ਮੁਗਲ ਸਾਡੇ ਉੱਤੇ ਰਾਜ ਕਰਦੇ ਸਨ ਤਾਂ ਬੁਰਾ ਨਹੀਂ ਲੱਗਦਾ ਸੀ, ਕਿਉਂਕਿ ਉਹ ਬਾਹਰੋਂ ਆਏ ਸਨ। ਪਰ ਅੱਜ ਸਾਡੇ ਲੋਕ ਹੀ ਸਾਡੀਆਂ ਮਾਵਾਂ-ਭੈਣਾਂ ਅਤੇ ਬਜ਼ੁਰਗਾਂ ਨੂੰ ਮਾਰਨ ਦਾ ਕੰਮ ਕਰ ਰਹੇ ਹਨ।
ਯੋਗਰਾਜ ਨੇ ਪ੍ਰਧਾਨ ਮੰਤਰੀ ਮੋਦੀ ਉੱਤੇ ਨਿਸ਼ਾਨੇ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੇ ਤਖ਼ਤ ਉੱਤੇ ਬੈਠਣ ਦੇ ਲਾਇਕ ਨਹੀਂ ਹੈ। ਯੋਗਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੀ ਪਿੱਠ ਵਿੱਚ ਛੂਰਾ ਮਾਰਿਆ ਹੈ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਯੋਗਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਦੀ ਮਾਨ-ਮਰਿਆਦਾ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ।