ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਵੱਧ ਕੇ 7,447 ਹੋ ਗਏ ਹਨ। ਹਾਲਾਂਕਿ, ਜੇ ਸਮਾਂ ਰਹਿੰਦੇ ਹੋਏ ਲੌਕਡਾਊਨ ਦਾ ਫ਼ੈਸਲਾ ਨਾ ਕੀਤਾ ਹੁੰਦਾ ਤਾਂ ਦੇਸ਼ ਵਿੱਚ ਹੁਣ ਤੱਕ ਸਥਿਤੀ ਬਹੁਤ ਖ਼ਰਾਬ ਹੋ ਸਕਦੀ ਸੀ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਲਈ ਲੌਕਡਾਊਨ ਅਤੇ ਰੋਕਥਾਮ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਸੀਂ ਕਿਸੇ ਤਰ੍ਹਾਂ ਦੇ ਕਦਮ ਨਾ ਚੁੱਕੇ ਹੁੰਦੇ ਤਾਂ 15 ਅਪ੍ਰੈਲ ਤੱਕ ਦੇਸ਼ ਵਿੱਚ ਕੋਰੋਨਾ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 8.2 ਲੱਖ ਤੱਕ ਪਹੁੰਚ ਗਈ ਹੁੰਦੀ।
ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਜੇ ਦੇਸ਼ ਵਿੱਚ ਲੌਕਡਾਊਨ ਲਾਗੂ ਨਹੀਂ ਕੀਤਾ ਹੁੰਦਾ, ਤਾਂ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਸੀ, ਜੋ ਕਿ 41 ਫ਼ੀਸਦੀ ਤੱਕ ਵੱਧ ਜਾਂਦੇ। ਇਸੇ ਕਾਰਨ 15 ਅਪ੍ਰੈਲ ਤੱਕ ਦੇਸ਼ ਵਿੱਚ 8.2 ਲੱਖ ਤੋਂ ਜ਼ਿਆਦਾ ਮਾਮਲੇ ਹੋ ਜਾਂਦੇ।
ਭਾਰਤ 'ਚ ਸਭ ਤੋਂ ਪਹਿਲਾਂ ਇਹਤਿਆਤੀ ਕਦਮ
ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਲਈ ਇਹਤਿਆਤੀ ਕਦਮ ਚੁੱਕੇ ਗਏ। ਅਸੀਂ ਇੱਕ ਗ੍ਰੇਡਿਡ ਪਹੁੰਚ ਅਪਣਾਈ। 2 ਸੂਬਿਆਂ ਵਿੱਚ ਅਤੇ ਕੇਂਦਰੀ ਪੱਧਰ ਉੱਤੇ ਦੇਸ਼ ਵਿੱਚ ਸਿਰਫ਼ ਕੋਰੋਨਾ ਵਾਇਰਸ ਨਾਲ ਜੁੜੇ ਮਾਮਲਿਆਂ ਦੇ ਇਲਾਜ਼ ਦੇ ਲਈ 587 ਹਸਪਤਾਲ ਹਨ। ਦੇਸ਼ ਵਿੱਚ 1 ਲੱਖ ਆਈਸੋਲੇਸ਼ਨ ਬੈੱਡ ਅਤੇ 11,500 ਆਈਸੀਯੂ ਬਿਸਤਰੇ ਕੋਵਿਡ-19 ਦੇ ਮਰੀਜ਼ਾਂ ਦੇ ਲਈ ਰਾਖਵੇਂ ਹਨ।
ਦੇਸ਼ 'ਚ ਕੁੱਲ 7,447 ਮਾਮਲੇ 24 ਘੰਟਿਆਂ 'ਚ 1,035 ਨਵੇਂ ਮਾਮਲੇ
ਅਗਰਵਾਲ ਨੇ ਦੱਸਿਆ ਕਿ ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 7,447 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ 643 ਲੋਕ ਸਿਹਤਮੰਦ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 1035 ਮਾਮਲੇ ਨਵੇਂ ਆਏ ਹਨ ਅਤੇ 40 ਲੋਕਾਂ ਦੀ ਮੌਤ ਹੋਈ ਹੈ। ਹੁਣ ਤੱਕ ਦੇਸ਼ ਵਿੱਚ 239 ਲੋਕਾਂ ਦੀ ਮੌਤ ਹੋ ਚੁੱਕੀ ਹੈ।