ਕਿਨੌਰ (ਹਿਮਾਚਲ ਪ੍ਰਦੇਸ਼): ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਆਨਲਾਈਨ ਕੰਮ ਕਰਨਾ ਹੁਣ ਸੁਵਿਧਾ ਨਹੀ ਬਲਕਿ ਮਜਬੂਰੀ ਬਣ ਚੁੱਕਾ ਹੈ।ਵਰਕ ਫਰਾਮ ਹੋਮ ਦੇ ਦੌਰ ਵਿੱਚ ਬੱਚਿਆਂ ਦੀ ਪੜ੍ਹਾਈ ਵੀ ਘਰਾਂ ਤੋਂ ਹੀ ਜਾਰੀ ਹੈ। ਸਾਰੀਆਂ ਸਿੱਖਿਆ ਸੰਸਥਾਵਾਂ ਘਰਾਂ ਤੋਂ ਹੀ ਬੱਚਿਆਂ ਨੂੰ ਪੜ੍ਹਾਈ ਕਰਵਾ ਰਹੀਆਂ ਹਨ ਪਰ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਕਈ ਇਲਾਕੇ ਅਜਿਹੇ ਵੀ ਹਨ ਜਿੱਥੇ ਇੰਟਰਨੈੱਟ ਤਾਂ ਦੂਰ ਦੀ ਗੱਲ ਫ਼ੋਨ ਉੱਤੇ ਗੱਲ ਕਰਨ ਲਈ ਵੀ ਨੈੱਟਵਰਕ ਨਹੀਂ ਪਹੁੰਚਦਾ।
ਹਾਲਾਂਕਿ ਆਨਲਾਈਨ ਪੜ੍ਹਾਈ ਵਿੱਚ ਬੱਚਿਆਂ ਨੂੰ ਕਲਾਸਰੂਮ ਵਰਗਾ ਮਾਹੌਲ ਨਹੀਂ ਮਿਲ ਪਾ ਰਿਹਾ। ਉੱਥੇ ਹੀ ਮੋਬਾਇਲ ਜਾਂ ਲੈਪਟਾਪ ਸਕਰੀਨ ਉੱਤੇ ਨੋਟਸ ਲੈਣ ਵਿੱਚ ਵੀ ਪ੍ਰੇਸ਼ਾਨੀ ਹੁੰਦੀ ਹੈ। ਇਸ ਤਰ੍ਹਾਂ ਦੇ ਹੀ ਕੁਝ ਹਾਲਾਤ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਹਨ ਜਿੱਥੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਨ ਲਈ ਮੁੱਢਲੀਆਂ ਸਹੂਲਤਾਂ ਦਾ ਹੀ ਰੋਣਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਬਿਨਾ ਇੰਟਰਨੈੱਟ ਤੋਂ ਆਨਲਾਈਨ ਪੜ੍ਹਾਈ ਕਰਨਾ ਨਾਮੁਨਕਿਨ ਹੈ।
ਕਿਨੌਰ ਜ਼ਿਲ੍ਹੇ ਦੇ ਸਰਹੱਦੀ ਖੇਤਰਾਂ ਵਿੱਚ ਤਾਂ 2ਜੀ ਨੈੱਟਵਰਕ ਮਿਲਣਾ ਵੀ ਮੁਸ਼ਕਿਲ ਹੈ। ਉੱਥੇ ਹੀ ਜ਼ਿਲ੍ਹਾ ਹੈੱਡਕਵਾਟਰ ਦੇ ਦਫ਼ਤਰਾਂ ਵਿੱਚ ਵੀ ਇੰਟਰਨੈੱਟ ਕਨੇਕਟੀਵਿਟੀ ਕਾਫ਼ੀ ਜ਼ਿਆਦਾ ਧੀਮੀ ਹੈ। ਫਿ਼ਰ ਅਜਿਹੇ ਵਿੱਚ ਆਨਲਾਈਨ ਪੜ੍ਹਾਈ ਜ਼ਿਲ੍ਹੇ ਦੇ ਵਿਦਿਆਰਥੀਆਂ ਲਈ ਬਸ ਨਾਮ ਦੀ ਰਹਿ ਜਾਂਦੀ ਹੈ। ਜ਼ਿਲ੍ਹੇ ਦੇ ਕਈ ਵਿਦਿਆਰਥੀ ਬਾਹਰੀ ਰਾਜਾਂ ਦੇ ਸ਼ਹਿਰਾਂ ਵਿੱਚ ਆਪਣੀ ਪੜ੍ਹਾਈ ਕਰਦੇ ਹਨ ਜੋ ਕੀ ਤਾਲਾਬੰਦੀ ਤੋਂ ਬਾਅਦ ਆਪਣੇ ਘਰਾਂ ਵਿੱਚ ਹੀ ਕੈਦ ਹਨ।ਸਕੂਲਾਂ ਨੇ ਆਨਲਾਈਨ ਪੜ੍ਹਾਈ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਇੰਟਰਨੈੱਟ ਦੀ ਸਹੂਲਤ ਨਾ ਹੋਣ ਕਾਰਨ ਬੱਚੇ ਪੜ੍ਹਾਈ ਵਿੱਚ ਪਛੜ ਰਹੇੇ ਹਨ।ਉੱਥੇ ਹੀ ਸਥਾਨਿਕ ਸਕੂਲਾਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਇਹੀ ਹਾਲ ਹੈ।
ਜ਼ਿਲ੍ਹੇ ਦੇ ਹਾਜ਼ਾਰਾਂ ਵਿਦਿਆਰਥੀ ਦੀ ਪੜ੍ਹਾਈ ਮੁੱਢਲੀ ਇੰਟਰਨੈੱਟ ਸਹੂਲਤ ਨਾ ਹੋਣ ਕਾਰਨ ਸਹੀ ਤਰੀਕੇ ਨਾਲ ਨਹੀਂ ਹੋ ਪਾ ਰਹੀ ਜਿਸ ਕਾਰਨ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ। ਸਥਾਨਿਕ ਲੋਕਾਂ ਅਨੁਸਾਰ ਜ਼ਿਲ੍ਹੇ ਦੇ ਸਰਹੱਦੀ ਖੇਤਰਾਂ ਜਿਵੇਂ ਕੁੰਨੋ ਚਰੰਗ, ਰੋਪਾ ਵੈਲੀ, ਹਾਂਗੋ ਚੂਲਿੰਗ ਅਤੇ ਚਿਤਕੂਲ ਸਮੇਤ ਬਹੁਤ ਸਾਰੇ ਖੇਤਰ ਹਨ ਜਿੱਥੇ ਫੋਨ ਕਰਨ ਲਈ ਵੀ ਨੈੱਟਵਰਕ ਨਹੀਂ ਹੈ ਅਜਿਹੇ ਇਲਾਕਿਆਂ ਵਿੱਚ ਆਨਲਾਈਨ ਪੜ੍ਹਾਈ ਕਰ ਪਾਉਣਾ ਸੰਭਵ ਨਹੀਂ।
ਉੱਥੇ ਹੀ ਜਿਨ੍ਹਾਂ ਇਲਾਕਿਆਂ ਵਿੱਚ ਇੰਨਟਰਨੈੱਟ ਦੀ ਸੁਵਿਧਾ ਹੈ ਉਨਾਂ ਥਾਵਾਂ ਉੱਤੇ ਵੀ ਇੰਟਰਨੈੱਟ ਦੀ ਕਨੈਕਟੀਵਿਟੀ ਠੀਕ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਸਕੂਲਾਂ ਵੱਲੋਂ ਪੜ੍ਹਾਈ ਕਰਨ ਲਈ ਸਮੱਗਰੀ ਦਿੱਤੀ ਤਾਂ ਜਾ ਰਹੀ ਹੈ ਪਰ ਇਨ੍ਹਾਂ ਥਾਵਾਂ ਉੱਤੇ ਮੋਬਾਇਲ ਜਾਂ ਲੈਪਟਾਪ ਵਿੱਚ ਲਿੰਕ ਹੀ ਨਹੀਂ ਖੁੱਲ੍ਹਦੇ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਘੱਟ ਗਤੀ ਵਾਲੇ ਇੰਟਰਨੈੱਟ ਦੇ ਕਾਰਨ ਬੱਚਿਆਂ ਦਾ ਆਮ ਨਾਲੋਂ ਕਾਫ਼ੀ ਸਮਾਂ ਮੋਬਾਇਲ ਅਤੇ ਲੈਪਟਾਪ ਦੀ ਸਕਰੀਨ ਉੱਤੇ ਹੀ ਗੁਜ਼ਰਦਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਉਪਰ ਵੀ ਬੁਰਾ ਅਸਰ ਪੈ ਰਿਹਾ ਹੈ।
ਉੱਥੇ ਹੀ ਇਹ ਸਮਾਰਟ ਪੜ੍ਹਾਈ ਮਾਪਿਆਂ ਦੀ ਜੇਬ ਉੱਤੇ ਵੀ ਕਾਫ਼ੀ ਭਾਰੀ ਪੈ ਰਹੀ ਹੈ। ਆਨਲਾਈਨ ਪੜ੍ਹਾਈ ਦੇ ਲਈ ਮੰਦੀ ਦੇ ਇਸ ਦੌਰ ਵਿੱਚ ਬੱਚਿਆਂ ਨੂੰ ਮੋਬਾਇਲ ਤੇ ਲੈਪਟਾਪ ਦਵਾਉਣੇ ਪੈ ਰਹੇ ਹਨ ਜੋ ਕਿ ਮਾਪਿਆਂ ਦੇ ਲਈ ਆਸਾਨ ਨਹੀਂ ਹੈ।
ਅਜਿਹੇ ਵਿੱਚ ਲੋੜਵੰਦ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਬੱਚਿਆਂ ਦੀ ਪੜ੍ਹਾਈ ਛੁਟ ਗਈ ਹੈ ਜਿਨ੍ਹਾਂ ਲਈ ਸਰਕਾਰਾਂ ਨੇ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੈ। ਸਥਾਨਕ ਲੋਕਾਂ ਦੀ ਮੰਗ ਹੈ ਕਿ ਜਿ਼ਲ੍ਹੇ ਵਿੱਚ ਇੰਨਟਰਨੈੱਟ ਸੁਵਿਧਾ ਨੂੰ ਦਰੁਸਤ ਕੀਤਾ ਜਾਣਾ ਚਾਹੀਦਾ ਹੈ। ਉੱਥੇ ਹੀ ਦੂਰ ਦੁਰਾਡੇ ਦੇ ਲੋਕਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਜਨਸੰਖਿਆ ਕਾਫ਼ੀ ਘੱਟ ਹੈ ਤੇ ਪਹੁੰਚਣ ਯੋਗ ਖੇਤਰ ਹੋਣ ਦੇ ਚਲਦਿਆਂ ਕੋਰੋਨਾ ਫ਼ੈਲਣ ਦੀ ਸੰਭਾਵਨਾ ਵੀ ਕਾਫ਼ੀ ਘੱਟ ਹੈ, ਉਥੇ ਸਰਕਾਰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਕਲਾਸਾਂ ਸ਼ੁਰੂ ਕਰਵਾ ਦੇਣੀਆਂ ਚਾਹੀਦੀਆਂ ਹਨ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।
ਇਸ ਮਾਮਲੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਮੰਨਣਾ ਹੈ ਕਿ ਜ਼ਿਲ੍ਹੇ ਵਿੱਚ ਖ਼ਰਾਬ ਇੰਟਰਨੈੱਟ ਦੀ ਸੁਵਿਧਾ ਹੋਣ ਕਾਰਨ ਬੱਚਿਆਂ ਦੀ ਆਨਲਾਈਨ ਪੜ੍ਹਾਈ ਵਿੱਚ ਕਾਫ਼ੀ ਮੁਸ਼ਕਿਲਾਂ ਆ ਰਹੀਆਂ ਹਨ। ਐਸਡੀਐਮ ਕਲਪਾ ਮੇਜਰ ਅਵਨਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਜ਼ਿਲ੍ਹੇ ਕਿਨੌਰ ਦੇ ਦੂਰ ਦੁਰਾਡੇ ਵਾਲੇ ਖ਼ੇਤਰਾਂ ਵਿੱਚ ਖ਼ਰਾਬ ਇੰਨਟਰਨੈੱਟ ਸੁਵਿਧਾ ਹੋਣ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਹਨ। ਬੱਚਿਆਂ ਦੀ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਠੋਸ ਕਦਮ ਚੁੱਕੇਗਾ ਤੇ ਬੀਐਸਐਨਐਲ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਇਨ੍ਹਾਂ ਖੇਤਰਾਂ ਵਿੱਚ ਇੰਟਰਨੈੱਟ ਦੀ ਸੁਵਿਧਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਡੀਸੀ ਕਿਨੌਰ ਨੇ ਵੀ ਕਿਹਾ ਕਿ ਕਨੈਕਟੀਵਿਟੀ ਨੂੰ ਲੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਪ੍ਰਸ਼ਾਸਨ ਜ਼ਿਲ੍ਹੇ ਵਿੱਚ ਕਨੈਕਟੀਵਿਟੀ ਸੁਵਿਧਾ ਉਪਰ ਕੰਮ ਕਰ ਰਿਹਾ ਹੈ ਤੇ ੳੱਧ ਹੀ ਬਹਾਰੀ ਇਲਕਿਆਂ ਵਿੱਚ ਸਕੂਲਾਂ ਨੂੰ ਖੋਲ੍ਹਣ ਉਪਰ ਵੀ ਵਿਚਾਰ ਕੀਤਾ ਜਾ ਰਿਹਾ ਹੈ। ਪੇਂਡੂ ਇਲਾਕਿਆਂ ਵਿੱਚ ਲੋਕਾਂ ਨੂੰ ਫੋਨ ਉੱਤੇ ਗੱਲ ਕਰਨ ਲਈ ਖਿੜਕੀ ਵਿੱਚ ਖੜ੍ਹੇ ਹੋ ਕੇ ਨੈੱਟਵਰਕ ਲੱਭਣਾ ਪੈਂਦਾ ਹੈ ਅਜਿਹੇ ਵਿੱਚ ਆਨਲਾਈਨ ਪੜ੍ਹਾਈ ਮਾਪਿਆਂ ਤੇ ਬੱਚਿਆਂ ਲਈ ਸਿਰਦਰਦੀ ਬਣ ਗਿਆ ਹੈ। ਖਾਸ ਤੌਰ ਉੱਤੇ ਰਾਜ ਦੇ ਪਛੜੇ ਹੋਏ ਜ਼ਿਲ੍ਹਿਆਂ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਸਰਕਾਰ ਨੂੰ ਜਲਦ ਤੋਂ ਜਲਦ ਕਦਮ ਚੁੱਕਣ ਦੀ ਲੋੜ ਹੈ।