ਮੁੰਬਈ: ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਇਕ ਕ੍ਰਿਕਟ ਪ੍ਰੋਗਰਾਮ 'ਚ ਕਿਹਾ ਹੈ ਕਿ ਦ੍ਰਾਵਿੜ ਦੇ ਅੰਕੜੇ ਦਰਸਾਉਂਦੇ ਹਨ ਕਿ ਉਹ ਕਿਸ ਤਰ੍ਹਾਂ ਅੰਡਰਰੇਟਡ ਕਪਤਾਨ ਸੀ।
ਗੰਭੀਰ ਨੇ ਇਕ ਕ੍ਰਿਕਟ ਪ੍ਰੋਗਰਾਮ ਵਿੱਚ ਕਿਹਾ, “ਮੈਂ ਆਪਣੇ ਵਨਡੇ ਮੈਚਾਂ ਦੀ ਸ਼ੁਰੂਆਤ ਸੌਰਵ ਗਾਂਗੁਲੀ ਦੀ ਕਪਤਾਨੀ ਅਤੇ ਟੈਸਟ ਡੈਬਿਊ ਦ੍ਰਾਵਿੜ ਦੀ ਕਪਤਾਨੀ ਵਿੱਚ ਕੀਤੀ ਸੀ। ਇਹ ਬਹੁਤ ਮੰਦਭਾਗਾ ਹੈ ਕਿ ਅਸੀਂ ਉਸ ਨੂੰ ਕਪਤਾਨੀ ਦਾ ਜ਼ਿਆਦਾ ਸਿਹਰਾ ਨਹੀਂ ਦਿੰਦੇ ਹਾਂ। ਅਸੀਂ ਸਿਰਫ ਸੌਰਵ ਗਾਂਗੁਲੀ ਅਤੇ ਮਹਿੰਦਰ ਸਿੰਘ ਧੋਨੀ ਦੀ ਗੱਲ ਕਰਦੇ ਹਾਂ ਅਤੇ ਹੁਣ ਵਿਰਾਟ ਕੋਹਲੀ ਦੀ ਗੱਲ ਹੁੰਦੀ ਹੈ। ਹਾਲਾਂਕਿ ਰਾਹੁਲ ਦ੍ਰਾਵਿੜ ਵੀ ਟੀਮ ਇੰਡੀਆ ਲਈ ਇਕ ਮਹਾਨ ਕਪਤਾਨ ਸੀ।"
ਉਨ੍ਹਾਂ ਕਿਹਾ, "ਉਸ ਦੇ ਅੰਕੜੇ ਦਰਸਾਉਂਦੇ ਹਨ ਕਿ ਕਿੰਨੇ ਅੰਡਰਰੇਟਡ ਖਿਡਾਰੀ ਅਤੇ ਕਿੰਨੇ ਅੰਡਰਰੇਟਡ ਕਪਤਾਨ ਸੀ। ਉਨ੍ਹਾਂ ਦੀ ਕਪਤਾਨੀ ਵਿੱਚ ਅਸੀਂ ਇੰਗਲੈਂਡ ਅਤੇ ਵੈਸਟਇੰਡੀਜ਼ ਵਿੱਚ ਜਿੱਤੇ ਅਤੇ ਲਗਾਤਾਰ 14 ਜਾਂ 15 ਮੈਚ ਜਿੱਤੇ।"
ਗੰਭੀਰ ਨੇ ਕਿਹਾ, ''ਇੱਕ ਕ੍ਰਿਕਟਰ ਹੋਣ ਦੇ ਨਾਤੇ, ਤੁਸੀਂ ਉਨ੍ਹਾਂ ਨੂੰ ਟੈਸਟ ਕ੍ਰਿਕਟ 'ਚ ਓਪਨਿੰਗ ਕਰਨ ਲਈ ਕਿਹਾ, ਉਨ੍ਹਾਂ ਨੇ ਅਜਿਹਾ ਕੀਤਾ ਸੀ। ਤੁਸੀਂ ਉਨ੍ਹਾਂ ਨੂੰ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਕਿਹਾ, ਤੇ ਉਨ੍ਹਾਂ ਨੇ ਅਜਿਹਾ ਕੀਤਾ। ਤੁਸੀਂ ਉਨ੍ਹਾਂ ਨੂੰ ਵਿਕਟਕੀਪਿੰਗ ਕਰਨ ਲਈ ਕਿਹਾ, ਉਨ੍ਹਾਂ ਨੇ ਕੀਤਾ। ਤੁਸੀਂ ਉਨ੍ਹਾਂ ਨੂੰ ਫੀਨਿਸ਼ਰ ਵਜੋਂ ਖੇਡਣ ਲਈ ਕਿਹਾ, ਉਨ੍ਹਾਂ ਨੇ ਅਜਿਹਾ ਵੀ ਕੀਤਾ। ਉਨ੍ਹਾਂ ਨੇ ਉਹ ਸਭ ਕੁੱਝ ਕੀਤਾ ਜੋ ਉਨ੍ਹਾਂ ਨੂੰ ਕਿਹਾ ਜਾਂਦਾ ਸੀ, ਇਸ ਲਈ ਉਹ ਇਕ ਸਹੀ ਰੋਲ ਮਾਡਲ ਹਨ। ਮੇਰੇ ਖਿਆਲ ਵਿੱਚ ਉਨ੍ਹਾਂ ਦਾ ਬਹੁਤ ਪ੍ਰਭਾਵ ਕਾਫ਼ੀ ਜਿਆਦਾ ਸੀ।"
ਸਾਬਕਾ ਸਲਾਮੀ ਬੱਲੇਬਾਜ਼ ਨੇ ਇਹ ਵੀ ਕਿਹਾ, ''ਸੌਰਵ ਗਾਂਗੁਲੀ ਇਕ ਸ਼ਾਨਦਾਰ ਵਿਅਕਤੀ ਸੀ, ਇਸ ਲਈ ਵਨਡੇ ਕ੍ਰਿਕਟ 'ਚ ਉਨ੍ਹਾਂ ਦਾ ਪ੍ਰਭਾਵ ਜ਼ਿਆਦਾ ਸੀ, ਪਰ ਜੇ ਕੁੱਲ ਮਿਲਾ ਕੇ ਦੇਖੀਏ ਤਾਂ ਦ੍ਰਾਵਿੜ ਦੇ ਪ੍ਰਭਾਵ ਦੀ ਸਚਿਨ ਤੇਂਦੁਲਕਰ ਵਰਗੇ ਖਿਡਾਰੀ ਨਾਲ ਤੁਲਨਾ ਕਰ ਸਕਦੇ ਹਾਂ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਚਿਨ ਦੇ ਪਰਛਾਵੇਂ ਹੇਠ ਖੇਡਿਆ, ਪਰ ਉਹ ਪ੍ਰਭਾਵ ਦੇ ਲਿਹਾਜ਼ ਨਾਲ ਉਨ੍ਹਾਂ ਦੇ ਬਰਾਬਰ ਸੀ।”