ਨਵੀਂ ਦਿੱਲੀ: ਭਾਰਤ ਇੱਕ ਗੰਭੀਰ ਸਿਹਤ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਅੱਜ ਤੱਕ ਕਦੇ ਵੀ ਕਿਸੇ ਆਫ਼ਤ ਨੇ ਰਾਸ਼ਟਰ ਨੂੰ ਇਸ ਤਰ੍ਹਾਂ ਬੰਦ ਨਹੀਂ ਕੀਤਾ। ਜ਼ਿਆਦਾਤਰ ਭਾਰਤੀਆਂ ਲਈ ਲੌਕਡਾਊਨ ਇੱਕ ਵਿਲੱਖਣ ਸ਼ਬਦ ਹੈ। ਕਈਆਂ ਨੇ ਸ਼ਾਇਦ 22 ਮਾਰਚ ਨੂੰ ਪਹਿਲੀ ਵਾਰ ਇਸ ਸ਼ਬਦ ਨੂੰ ਮਹਿਸੂਸ ਕੀਤਾ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਜਾਂ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਸਿਹਤ ਅਤੇ ਸਫ਼ਾਈ ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਦੀਆਂ ਨਿਰਸਵਾਰਥ ਸੇਵਾਵਾਂ ਦੇ ਸਨਮਾਨ ਵਿੱਚ ਇੱਕ ਦਿਨ ਦੇ ਜਨਤਕ ਕਰਫਿਊ ਦਾ ਐਲਾਨ ਕੀਤਾ।
ਮਾਰਚ ਦੀ ਸ਼ੁਰੂਆਤ ਤੋਂ ਹੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਣ ਨਾਲ ਨਜਿੱਠ ਰਹੀ ਸਰਕਾਰ ਅੱਗੇ ਉਦੋਂ ਇੱਕ ਹੋਰ ਸੰਕਟ ਖੜ੍ਹਾ ਹੋ ਗਿਆ, ਜਦੋਂ ਨਿਗਮਬੋਧ ਘਾਟ ਦੇ ਅਧਿਕਾਰੀਆਂ ਨੇ ਇੱਕ 68 ਸਾਲਾ ਔਰਤ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਔਰਤ ਦੀ 13 ਮਾਰਚ ਨੂੰ ਕੋਵਿਡ-19 ਨਾਲ ਮੌਤ ਹੋਈ ਸੀ।
ਆਖਿਰਕਾਰ ਆਰਐੱਮਐੱਲ ਹਸਪਤਾਲ ਜਿੱਥੇ ਉਸ ਔਰਤ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਦੇ ਡਾਕਟਰਾਂ ਦੇ ਦਖਲ ਤੋਂ ਬਾਅਦ ਉਸਦਾ ਇਲੈੱਕਟ੍ਰਿਕ ਸਸਕਾਰ ਕੀਤਾ ਗਿਆ। ਪਰਿਵਾਰ ਉਸਦੇ ਅੰਤਿਮ ਸਸਕਾਰ ਲਈ ਇੰਤਜ਼ਾਰ ਕਰਦਾ ਰਿਹਾ, ਫਿਰ ਮੀਡੀਆ ਵੱਲੋਂ ਮਾਮਲਾ ਚੁੱਕਿਆ ਗਿਆ, ਜਿਸਨੇ ਅਧਿਕਾਰੀਆਂ ਨੂੰ ਦਖਲ ਦੇਣ ਲਈ ਝੰਜੋੜਿਆ।
ਇਹ ਇਕੱਲਾ ਮਾਮਲਾ ਨਹੀਂ ਹੈ। ਬਿਹਾਰ ਦੇ ਇੱਕ ਪਿੰਡ ਵਿੱਚ ਕੋਵਿਡ-19 ਨਾਲ ਮਰਨ ਵਾਲੇ ਇੱਕ ਵਿਅਕਤੀ ਦੀ ਲਾਸ਼ ਪਰਿਵਾਰ ਕੋਲ ਅੰਤਿਮ ਰਸਮਾਂ ਦੇ ਇੰਤਜ਼ਾਰ ਵਿੱਚ ਲੰਬੇ ਸਮੇਂ ਤੱਕ ਪਈ ਰਹੀ। ਉਨ੍ਹਾਂ ਦੇ ਘਰ ਵਿੱਚ ਲੋਕਾਂ ਦਾ ਭਾਰੀ ਇਕੱਠ ਹੋ ਗਿਆ, ਜਿਸ ਕਾਰਨ ਬਾਅਦ ਵਿੱਚ ਪੂਰੇ ਪਿੰਡ ਨੂੰ ਹੀ ਕੁਆਰੰਟੀਨ ਕਰਨਾ ਪਿਆ ਸੀ। ਕੋਲਕਾਤਾ ਵਿੱਚ ਇੱਕ ਹੋਰ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਲਾਸ਼ ਲੈਣ ਲਈ ਕੋਈ ਦਾਅਵਾ ਹੀ ਨਹੀਂ ਕੀਤਾ ਅਤੇ ਸ਼ਮਸ਼ਾਨਘਾਟ ਦੇ ਵਿਅਕਤੀਆਂ ਨੇ ਸੰਕਰਮਣ ਦੇ ਡਰ ਕਾਰਨ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਆਖਿਰ 10 ਘੰਟਿਆਂ ਦੀ ਦੇਰੀ ਤੋਂ ਬਾਅਦ ਉਸਦਾ ਇਲੈੱਕਟ੍ਰਿਕ ਸਸਕਾਰ ਕੀਤਾ ਗਿਆ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ-19 ਨਾਲ ਮਰਨ ਵਾਲੇ ਵਿਅਕਤੀਆਂ ਦੀਆਂ ਦੇਹਾਂ ਨੂੰ ਸੰਭਾਲਣ, ਲੈ ਕੇ ਜਾਣ ਅਤੇ ਅੰਤਿਮ ਸਸਕਾਰ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਹਾਲਾਂਕਿ ਮ੍ਰਿਤਕ ਦੇਹ ਦੀ ਸੰਭਾਲ ਸਬੰਧੀ ਸਾਵਧਾਨੀਆਂ, ਲਾਗ ਦੀ ਰੋਕਥਾਮ ਅਤੇ ਨਿਯੰਤਰਣ ਉਪਾਅ ਅਤੇ ਵਾਤਾਵਰਣ ਨੂੰ ਕੀਟਾਣੂ ਰਹਿਤ ਕਰਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ, ਪਰ ਫਿਰ ਵੀ ਭਾਰਤ ਵਿੱਚ ਜ਼ਿਆਦਾਤਰ ਅੰਤਿਮ ਸਸਕਾਰ ਖੁੱਲ੍ਹੀਆਂ ਥਾਵਾਂ ’ਤੇ ਕਰਨ ਨੂੰ ਲੈ ਕੇ ਚਿੰਤਾਵਾਂ ਹਨ। ਹਾਲਾਂਕਿ ਸ਼ਹਿਰਾਂ ਵਿੱਚ ਇਲੈੱਕਟ੍ਰਿਕ ਅੰਤਿਮ ਸਸਕਾਰ ਦੀਆਂ ਸੁਵਿਧਾਵਾਂ ਮੌਜੂਦ ਹਨ ਪਰ ਜ਼ਿਲ੍ਹਿਆਂ ਅਤੇ ਪਿੰਡਾਂ ਵਿੱਚ ਖੁੱਲ੍ਹੀਆਂ ਥਾਂਵਾਂ ਅਤੇ ਨਦੀਆਂ ਦੇ ਕਿਨਾਰਿਆਂ ’ਤੇ ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਹਨ। ਜੇਕਰ ਉਨ੍ਹਾਂ ਦੇ ਅੰਤਿਮ ਸਸਕਾਰ ਲਈ ਨਿਰਧਾਰਤ ਪ੍ਰੋਟੋਕੋਲ ਦਾ ਪਾਲਣ ਨਾ ਕੀਤਾ ਜਾਵੇ ਤਾਂ ਉਹ ਵਾਤਾਵਰਣ ਪ੍ਰਦੂਸ਼ਣ ਦਾ ਖਤਰਾ ਪੈਦਾ ਕਰ ਸਕਦੀਆਂ ਹਨ।
ਸ਼ਮਸ਼ਾਨਘਾਟ/ਮੁਰਦਾਘਾਟ ਦੇ ਸਟਾਫ ਦੀ ਸੰਵੇਦਨਸ਼ੀਲਤਾ ’ਤੇ ਧਿਆਨ ਕੇਂਦਰਿਤ ਕਰਕੇ ਕੋਵਿਡ-19 ਦੀ ਲਾਗ ਦਾ ਖਤਰਾ ਘੱਟ ਕੀਤਾ ਜਾ ਸਕਦਾ ਹੈ। ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੂੰ ਹੱਥਾਂ ਦੀ ਸਫ਼ਾਈ, ਮਾਸਕ ਅਤੇ ਦਸਤਾਨਿਆਂ ਦੇ ਉਪਯੋਗ ਦੇ ਨਿਰਧਾਰਤ ਮਿਆਰਾਂ ਨੂੰ ਸਾਵਧਾਨੀ ਨਾਲ ਅਪਣਾਉਣਾ ਹੋਵੇਗਾ।
ਜਿਸ ਬੈਗ ਵਿੱਚ ਮ੍ਰਿਤਕ ਸਰੀਰ ਨੂੰ ਪਾਇਆ ਗਿਆ ਹੋਵੇ, ਉਸਦਾ ਸਟਾਫ ਵੱਲੋਂ ਨਿਰਧਾਰਤ ਸਾਵਧਾਨੀਆਂ ਦਾ ਉਪਯੋਗ ਕਰਦੇ ਹੋਏ ਮੂੰਹ ਕੋਲੋਂ ਜ਼ਿਪ ਖੋਲ੍ਹ ਕੇ ਸਕੇ ਸਬੰਧੀਆਂ ਨੂੰ ਉਸਦਾ ਆਖਰੀ ਵਾਰ ਮੂੰਹ ਦੇਖਣ ਦੀ ਆਗਿਆ ਦਿੱਤੀ ਜਾ ਸਕਦੀ ਹੈ, ਉਨ੍ਹਾਂ ਨੂੰ ਧਾਰਮਿਕ ਰਸਮਾਂ ਜਿਵੇਂ ਪਾਠ ਕਰਨਾ, ਪਵਿੱਤਰ ਪਾਣੀ ਛਿੜਕਣਾ ਅਤੇ ਹੋਰ ਰਸਮਾਂ ਜਿਨ੍ਹਾਂ ਵਿੱਚ ਸਰੀਰ ਨੂੰ ਛੂਹਿਆ ਨਾ ਜਾਵੇ, ਨਿਭਾਉਣ ਦੀ ਆਗਿਆ ਹੈ। ਦਿਸ਼ਾ ਨਿਰਦੇਸ਼ਾਂ ਵਿੱਚ ਮ੍ਰਿਤਕ ਦੇਹ ਨੂੰ ਨਹਾਉਣ, ਚੁੰਮਣ ਅਤੇ ਜੱਫੀ ਵਿੱਚ ਲੈਣ ਦੀ ਸਖ਼ਤ ਮਨਾਹੀ ਕੀਤੀ ਗਈ ਹੈ। ਅੰਤਿਮ ਸਸਕਾਰ/ਦਫ਼ਨਾਉਣ ਤੋਂ ਬਾਅਦ ਸਟਾਫ ਅਤੇ ਪਰਿਵਾਰਕ ਮੈਂਬਰਾਂ ਨੂੰ ਹੱਥਾਂ ਨੂੰ ਸਾਫ਼ ਕਰਨਾ ਚਾਹੀਦਾ ਹੈ।
ਦਿਸ਼ਾ ਨਿਰਦੇਸ਼ਾਂ ਅਨੁਸਾਰ ਮ੍ਰਿਤਕ ਦੀ ਰਾਖ ਤੋਂ ਕੋਈ ਖਤਰਾ ਨਹੀਂ ਹੈ ਅਤੇ ਅੰਤਿਮ ਸਸਕਾਰ ਤੋਂ ਬਾਅਦ ਇਸ ਨੂੰ ਇਕੱਠਾ ਕੀਤਾ ਜਾ ਸਕਦਾ ਹੈ। ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਅੰਤਿਮ ਸਸਕਾਰ ਸਮੇਂ ਵੱਡੇ ਇਕੱਠ ਕਰਨ ਤੋਂ ਬਚਿਆ ਜਾਵੇ ਕਿਉਂਕਿ ਇਹ ਸੰਭਵ ਹੋ ਸਕਦਾ ਹੈ ਕਿ ਕਰੀਬੀ ਪਰਿਵਾਰਕ ਮੈਂਬਰਾਂ ਵਿੱਚ ਇਸਦੇ ਲੱਛਣ ਜਾਂ ਵਾਇਰਸ ਆ ਗਏ ਹੋਣ।
ਜਦੋਂਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਸਿਹਤ ਕਰਮਚਾਰੀ ਜਾਂ ਪਰਿਵਾਰ ਦੇ ਮੈਂਬਰ ਜੋ ਦਸਤਾਨਿਆਂ ਅਤੇ ਮਾਸਕ ਸਮੇਤ ਨਿਰਧਾਰਤ ਸਾਵਧਾਨੀਆਂ ਦਾ ਪਾਲਣ ਕਰਦੇ ਹਨ, ਉਨ੍ਹਾਂ ਨੂੰ ਕੋਰੋਨਾ ਵਾਇਰਸ ਮਰੀਜ਼ ਦੇ ਮ੍ਰਿਤਕ ਸਰੀਰ ਤੋਂ ਲਾਗ ਦਾ ਖਤਰਾ ਵਧਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਕੋਵਿਡ-19 ਦੇ ਪਸਾਰ ਦਾ ਮੁੱਖ ਚਾਲਕ ਬੂੰਦਾਂ ਹਨ।
ਦਿਸ਼ਾ ਨਿਰਦੇਸ਼ਾਂ ਵਿੱਚ ਇਹ ਮੰਨਿਆ ਗਿਆ ਹੈ ਕਿ ਇਹ ਇੱਕ ਨਵੀਂ ਬਿਮਾਰੀ ਹੋਣ ਦੇ ਨਾਤੇ ਸ਼ੱਕੀ ਜਾਂ ਕੋਵਿਡ-19 ਦੀ ਪੁਸ਼ਟੀ ਕੀਤੇ ਹੋਏ ਵਿਅਕਤੀ ਦੀ ਮ੍ਰਿਤਕ ਦੇਹ ਦਾ ਨਿਪਟਾਰਾ ਕਿਵੇਂ ਕਰਨਾ ਹੈ, ਸਬੰਧੀ ਸਰਕਾਰ ਨੇ ਕਿਹਾ ਕਿ ਇਸ ਬਿਮਾਰੀ ਸਬੰਧੀ ਜਾਣਕਾਰੀ ਮੌਜੂਦਾ ਮਹਾਂਮਾਰੀ ਵਿਗਿਆਨ ’ਤੇ ਆਧਾਰਿਤ ਹੈ।
ਮ੍ਰਿਤਕ ਸਰੀਰ ਨੂੰ ਲੀਕ ਪਰੂਫ ਪਲਾਸਟਿਕ ਦੇ ਬੌਡੀ ਬੈਗ ਵਿੱਚ ਰੱਖੋ। ਬੌਡੀ ਬੈਗ ਦੇ ਬਾਹਰੀ ਹਿੱਸੇ ਨੂੰ 1 ਪ੍ਰਤੀਸ਼ਤ ਹਾਈਪੋਕਲੋਰਾਈਟ ਨਾਲ ਸੈਨੇਟਾਈਜ਼ ਕੀਤਾ ਜਾ ਸਕਦਾ ਹੈ। ਬੌਡੀ ਬੈਗ ਨੂੰ ਮੌਰਚਰੀ ਸ਼ੀਟ ਜਾਂ ਪਰਿਵਾਰ ਵੱਲੋਂ ਉਪਲੱਬਧ ਕਰਾਈ ਗਈ ਚਾਦਰ ਵਿੱਚ ਲਪੇਟਿਆ ਜਾ ਸਕਦਾ ਹੈ।
ਇਹ ਦਿਸ਼ਾ ਨਿਰਦੇਸ਼ ਸਵਾਗਤਯੋਗ ਅਤੇ ਸਮੇਂ ’ਤੇ ਚੁੱਕਿਆ ਗਿਆ ਕਦਮ ਹੈ। ਹਾਲਾਂਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਲੋੜ ਪੈਣ ’ਤੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਪੱਤਰ ਰਾਹੀਂ ਅੱਗੇ ਭੇਜਿਆ ਜਾਵੇ ਅਤੇ ਇਸਦਾ ਪਾਲਣ ਕਰਵਾਇਆ ਜਾਵੇ। ਵਾਹਨਾਂ ਦੀ ਟਰਾਂਸਪੋਰਟੇਸ਼ਨ ਅਤੇ ਕੀਟਾਣੂ ਮੁਕਤ ਕਰਨ ਦੀਆਂ ਸਹੂਲਤਾਂ ਮੁਹੱਈਆ ਕਰਾਉਣੀਆਂ ਚਾਹੀਦੀਆਂ ਹਨ। ਸਭ ਤੋਂ ਮਹੱਤਵਪੂਰਨ ਹੈ ਕਿ ਸਟਾਫ ਨੂੰ ਸੰਵੇਦਨਸ਼ੀਲ ਅਤੇ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਇਹ ਵੀ ਜ਼ਰੂਰੀ ਹੈ ਕਿ ਪ੍ਰਸ਼ਾਸਨ ਇਸ ਪ੍ਰੋਟੋਕੋਲ ਬਾਰੇ ਜਨਤਾ ਨੂੰ ਸੂਚਿਤ ਅਤੇ ਜਾਗਰੂਕ ਕਰੇ। ਇਹ ਵੱਡੇ ਪੱਧਰ ’ਤੇ ਮੀਡੀਆ ਸੰਵੇਦਨਸ਼ੀਲਤਾ ਮੁਹਿੰਮ ਦਾ ਹਿੱਸਾ ਹੋਣਾ ਚਾਹੀਦਾ ਹੈ ਜਿਵੇਂ ਸਰਕਾਰ ਵੱਲੋਂ ਹੱਥ ਧੋਣ, ਸੈਨੇਟਾਈਜ਼ਰ ਦੀ ਵਰਤੋਂ ਕਰਨ ਅਤੇ ਘਰਾਂ ਦੇ ਅੰਦਰ ਰਹਿਣ ਲਈ ਕੀਤਾ ਜਾ ਰਿਹਾ ਹੈ।
ਭਾਰਤ ਨੇ ਹੁਣ ਤੱਕ ਸ਼ਲਾਘਾਯੋਗ ਢੰਗ ਨਾਲ ਇਸਦੇ ਪ੍ਰਕੋਪ ਅਤੇ ਮੌਤਾਂ ਨੂੰ ਕੰਟਰੋਲ ਵਿੱਚ ਰੱਖਿਆ ਹੋਇਆ ਹੈ। ਅੰਤਿਮ ਸਸਕਾਰ ਉਦੋਂ ਤੱਕ ਕੋਈ ਮੁੱਦਾ ਨਹੀਂ ਹੈ, ਜਦੋਂ ਤੱਕ ਮੌਤ ਦੀ ਦਰ ਘੱਟ ਬਣੀ ਰਹੇ ਪਰ ਅਜਿਹੀ ਸਥਿਤੀ ਵਿੱਚ ਕੁਝ ਵੀ ਪੱਕਾ ਨਹੀਂ ਕਿਹਾ ਜਾ ਸਕਦਾ। ਇਸ ਲਈ ਭਾਰਤ ਨੂੰ ਇਸ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਅਤੇ ਇਸ ਨੂੰ ਕੋਵਿਡ-19 ਖਿਲਾਫ਼ ਆਪਣੀ ਮੁਹਿੰਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਪ੍ਰਤੀ ਢਿੱਲ ਵਰਤਣ ਦੀ ਥਾਂ ਤਿਆਰ ਰਹਿਣਾ ਬਿਹਤਰ ਹੈ। ਭਾਰਤ ਨੇ ਹੁਣ ਤੱਕ ਇਹ ਸਾਬਤ ਕਰ ਦਿੱਤਾ ਹੈ ਕਿ ਉਸ ਵਿੱਚ ਇਸ ਖਿਲਾਫ਼ ਲੜਨ ਦੀ ਸਮਰੱਥਾ ਅਤੇ ਰਾਜਨੀਤਕ ਇੱਛਾ ਸ਼ਕਤੀ ਹੈ।