ਮੁੰਬਈ: ਮਹਾਰਾਸ਼ਟਰ ਪੁਲਿਸ ਨੇ 'ਟੈਲੀਵਿਜ਼ਨ ਰੇਟਿੰਗ ਪੁਆਇੰਟਸ' (ਟੀਆਰਪੀ) ਫ਼ਰਜ਼ੀਵਾੜਾ ਮਾਮਲੇ ਵਿੱਚ ਨੌਵੀਂ ਗ੍ਰਿਫ਼ਤਾਰੀ ਕੀਤੀ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇੱਕ ਅਧਿਕਾਰੀ ਨੇ ਦਿੱਤੀ।
ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਕਰਾਈਮ ਇੰਟੈਲੀਜੈਂਸ ਯੂਨਿਟ (ਸੀਆਈਯੂ) ਨੇ ਉਪਨਗਰ ਚਾਂਦੀਵਾਲੀ ਦੇ ਵਸਨੀਕ ਹਰੀਸ਼ ਕਮਲਕਰ ਪਾਟਿਲ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਧਿਕਾਰੀ ਨੇ ਦੱਸਿਆ ਕਿ ਪਾਟਿਲ ਨੂੰ ਵੀਰਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦਾ ਨਾਮ ਹੰਸਾ ਰਿਸਰਚ ਏਜੰਸੀ ਦੇ ਸਾਬਕਾ ਕਰਮਚਾਰੀ ਰਾਮਜੀ ਸ਼ਰਮਾ ਅਤੇ ਦਿਨੇਸ਼ ਵਿਸ਼ਵਕਰਮਾ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਇਹ ਸ਼ੱਕ ਹੈ ਕਿ ਪਾਟਿਲ ਨੇ ਕੁੱਝ ਟੀਵੀ ਚੈੱਨਲਾਂ ਤੋਂ ਫ਼ਰਜ਼ੀ ਤਰੀਕੇ ਨਾਲ ਟੀਆਰਪੀ ਵਧਾਉਣ ਲਈ ਪੈਸੇ ਲਏ ਸਨ।
ਜਾਂਚ ਤੋਂ ਪਤਾ ਲੱਗਿਆ ਕਿ ਪਾਟਿਲ ਅਤੇ ਫ਼ਰਾਰ ਮੁਲਜ਼ਮ ਅਭਿਸ਼ੇਕ ਕੋਠਾਵਲੇ ਵਿਚਕਾਰ ਕੁੱਝ ਵਿੱਤੀ ਲੈਣ-ਦੇਣ ਹੋਇਆ ਸੀ। ਅਭਿਸ਼ੇਕ ਮੈਕਸ ਮੀਡੀਆ ਨਾਮ ਦੀ ਇੱਕ ਕੰਪਨੀ ਚਲਾਉਂਦਾ ਹੈ।
ਅਧਿਕਾਰੀ ਨੇ ਦੱਸਿਆ ਕਿ ਪਾਟਿਲ ਨੇ ਜਾਂਚ ਸ਼ੁਰੂ ਹੋਣ ਤੋਂ ਬਾਅਦ ਅਭਿਸ਼ੇਕ ਦੀ ਸ਼ਹਿਰ ਵਿੱਚੋਂ ਕਥਿਤ ਤੌਰ ’ਤੇ ਭੱਜਣ ਵਿੱਚ ਮਦਦ ਕੀਤੀ ਸੀ।
ਕਥਿਤ ਟੀਆਰਪੀ ਘੁਟਾਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬ੍ਰਾਡਕਾਸਟ ਆਡੀਅੰਸ ਰਿਸਰਚ ਕੌਂਸਲ (ਬੀਏਆਰਸੀ) ਨੇ ਹੰਸਾ ਰਿਸਰਚ ਗਰੁੱਪ ਦੇ ਜ਼ਰੀਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦੋਸ਼ ਲਗਾਇਆ ਹੈ ਕਿ ਕੁੱਝ ਟੀਵੀ ਚੈੱਨਲਾਂ ਨੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਲੁਭਾਉਣ ਲਈ ਟੀਆਰਪੀ ਡੇਟੇ ਦੇ ਵਿੱਚ ਅੰਕੜਿਆਂ ਵਿੱਚ ਧੋਖਾਧੜੀ ਕੀਤੀ ਸੀ।