ਬਰਨਾਲਾ: ਕਸਬਾ ਹੰਡਿਆਇਆ ਦੇ ਇੱਕ ਨਿੱਜੀ ਸਕੂਲ ਵੱਲੋਂ ਫ਼ੀਸਾਂ ਵਸੂਲਣ ਦੇ ਵਿਰੋਧ ’ਚ ਮਾਪਿਆਂ ਵੱਲੋਂ ਸਕੂਲ ਪ੍ਰਬੰਧਕਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਇਕੱਤਰ ਹੋਏ ਬੱਚਿਆਂ ਦੇ ਮਾਪਿਆਂ ਵਲੋਂ ਨਿੱਜੀ ਸਕੂਲ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦੀ ਕੋਈ ਗੱਲ ਨਾ ਸੁਣੇ ਜਾਣ ’ਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਰੋਸ ’ਚ ਸੜਕ ’ਤੇ ਉਤਰ ਆਏ ਬਠਿੰਡਾ ਚੰਡੀਗੜ੍ਹ ਰੋਡ ’ਤੇ ਆ ਕੇ ਪ੍ਰਦਰਸ਼ਨ ਕੀਤਾ ਗਿਆ।
ਮਾਹੌਲ ਨੂੰ ਸ਼ਾਂਤਮਈ ਰੱਖਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸ਼ਨ ਵੀ ਪਹੁੰਚੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਸਪੱਸ਼ਟ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਸਕੂਲ ਤੋਂ ਹਟਾ ਸਕਦੇ ਹਨ। ਜੇਕਰ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹਨ ਤਾਂ ਸਕੂਲ ਦਾ ਖਰਚਾ ਦੇਣਾ ਹੀ ਪਵੇਗਾ। ਜੇਕਰ ਸਕੂਲ ਦੀ ਧੱਕੇਸ਼ਾਹੀ ਜਾਰੀ ਰਹੀ ਤਾਂ ਉਹ ਸੰਘਰਸ਼ ਆਉਣ ਵਾਲੇ ਦਿਨਾਂ ਵਿੱਚ ਤੇਜ਼ ਕਰਨਗੇ। ਉਧਰ ਸਕੂਲ ਮੈਨੇਜਮੈਂਟ ਨੇ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਅਨੁਸਾਰ ਬਣਦੇ ਹੱਦ ਦੀ ਫ਼ੀਸ ਲੈ ਰਹੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਵੱਲੋਂ ਲਗਾਤਾਰ ਉਨ੍ਹਾਂ ਨੂੰ ਫ਼ੀਸਾਂ ਨੂੰ ਲੈ ਕੇ ਬਿਲਡਿੰਗ ਫ਼ੰਡ, ਟ੍ਰਾਂਸਪੋਰਟ ਨੂੰ ਲੈ ਕੇ ਦੁੱਗਣਾ ਖ਼ਰਚੇ ਲਈ ਤੰਗ ਪ੍ਰੇਸ਼ਾਨ ਕੀਤਾ ਰਿਹਾ ਹੈ। ਸਕੂਲ ਵਾਲੇ 70 ਫ਼ੀਸਦੀ ਫ਼ੀਸ ਮੰਗ ਰਹੇ ਹਨ। ਉਹ 33 ਫ਼ੀਸਦੀ ਹੀ ਦੇ ਸਕਦੇ ਹਨ।
ਅੱਜ ਬੱਚਿਆਂ ਨੂੰ ਸਕੂਲ ਵੱਲੋਂ ਹਟਾਉਣ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਪਰਿਵਾਰਾਂ ਵਿੱਚ ਫ਼ੀਸ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਜੇਕਰ ਸਕੂਲ ਦੀ ਧੱਕੇਸ਼ਾਹੀ ਜਾਰੀ ਰਹੀ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ।
ਪ੍ਰਿੰਸੀਪਲ ਵਰਸ਼ਾ ਸਚਦੇਵਾ ਨੇ ਕਿਹਾ ਕਿ ਲੌਕਡਾਊਨ ਦੌਰਾਨ ਉਹ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ। ਸਕੂਲ ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ ਆਦਿ ਦਾ ਖਰਚਾ ਹੋ ਰਿਹਾ ਹੈ। ਉਸ ਨੂੰ ਪੂਰਾ ਕਰਨ ਲਈ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫ਼ੀਸ ਲਈ ਜਾ ਰਹੀ ਹੈ, ਜੋ ਸਾਡਾ ਹੱਕ ਹੈ।