ਨਵੀਂ ਦਿੱਲੀ: ਹੱਤਿਆ ਅਤੇ ਧੱਕੇ ਨਾਲ ਉਗਾਰਹੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਸਾਜ਼ਿਸ਼ ਰਚ ਰਹੇ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ ਦੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਸਪੈੱਸ਼ਲ ਸੈਲ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਦਿੱਲੀ ਤੋਂ ਜਦਕਿ 2 ਦੀ ਪੰਜਾਬ ਤੋਂ ਕੀਤੀ ਗਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ।
ਡੀਸੀਪੀ ਸੰਜੀਵ ਯਾਦਵ ਮੁਤਾਬਕ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ ਨਾਲ ਜੁੜੇ ਮਹਿੰਦਰਪਾਲ ਸਿੰਘ ਦੇ ਬਾਰੇ ਵਿੱਚ ਸਪੈਸ਼ਲ ਸੈਲ ਨੂੰ ਜਾਣਕਾਰੀ ਮਿਲੀ ਸੀ। ਉਨ੍ਹਾਂ ਨੂੰ ਪਤਾ ਚੱਲਿਆ ਸੀ ਕਿ ਦਿੱਲੀ ਵਿੱਚ ਉਹ ਕਿਸੇ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਹੈ। ਇਸੇ ਇਨਪੁਟ ਦੇ ਆਧਾਰ ਉੱਤੇ ਏਸੀਪੀ ਜਸਬੀਰ ਸਿੰਘ ਦੀ ਦੇਖ-ਰੇਖ ਵਿੱਚ ਇੰਸਪੈਕਟਰ ਪੰਕਜ ਕੁਮਾਰ ਦੀ ਟੀਮ ਨੇ ਹਸਤਸਲ ਕੋਲ ਜਾਲ ਵਿਛਾ ਕੇ ਮੋਟਰਸਾਈਕਲ ਉੱਤੇ ਜਾ ਰਹੇ ਮਹਿੰਦਰ ਸਿੰਘ ਨੂੰ ਕਾਬੂ ਕੀਤਾ ਹੈ। ਪੁੱਛਗਿੱਝ ਦੌਰਾਨ ਉਸ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਜੰਮੂ-ਕਸ਼ਮੀਰ ਦੇ ਬਾਰਾਮੁਲਾ ਦਾ ਰਹਿਣ ਵਾਲਾ ਹੈ। ਤਲਾਸ਼ੀ ਵਿੱਚ ਉਸ ਦੇ ਕੋਲੋਂ ਇੱਕ ਪਿਸਟਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਨੂੰ ਲੈ ਕੇ ਆਰਮਜ਼ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੰਜਾਬ ਤੋਂ ਗ੍ਰਿਫ਼ਤਾਰ ਹੋਏ 2 ਹੋਰ ਦੋਸ਼ੀ
ਮਹਿੰਦਰ ਸਿੰਘ ਦੀ ਨਿਸ਼ਾਨਦੇਹੀ ਉੱਤੇ ਪੰਜਾਬ ਦੇ ਸਮਾਣਾ ਤੋਂ ਲਵਪ੍ਰੀਤ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕੋਲੋਂ 2 ਪਿਸਟਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਬਾਅਦ ਪੁਲਿਸ ਟੀਮ ਉਨ੍ਹਾਂ ਨੂੰ ਲੈ ਕੇ ਸਮਾਣਾ ਪਹੁੰਚੀ ਜਿਥੇ ਤੀਸਰੇ ਦੋਸ਼ੀ ਗੁਰਤੇਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛ-ਗਿੱਛ ਵਿੱਚ ਦੋਸ਼ੀਆਂ ਨੇ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ ਨਾਲ ਆਪਣੇ ਸਬੰਧ ਹੋਣ ਦੀ ਗੱਲ ਕਬੂਲੀ ਹੈ।
ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਵਿਦੇਸ਼ ਵਿੱਚ ਬੈਠੇ ਆਪਣੇ ਮਾਲਕਾਂ ਦੇ ਇਸ਼ਾਰੇ ਉੱਤੇ ਹੱਤਿਆ ਕਰਨ ਦੀ ਸਾਜ਼ਿਸ਼ ਬਣਾ ਰਹੇ ਸਨ। ਇਸ ਦੇ ਲਈ ਉਹ ਜ਼ਬਰਦਸਤੀ ਉਗਰਾਹੀ ਵੀ ਕਰ ਰਹੇ ਸਨ ਤਾਂ ਕਿ ਹਥਿਆਰ ਖ਼ਰੀਦ ਸਕਣ।
ਹਾਫ਼ਿਜ਼ ਸਈਦ ਦੇ ਕਰੀਬੀ ਨਾਲ ਰਹੇ ਸੰਪਰਕ
ਗੁਰਤੇਜ ਸਿੰਘ ਦਾ ਜਨਮ ਆਸਾਮ ਵਿੱਚ ਹੋਇਆ ਸੀ। ਉਸ ਦੇ ਪਿਤਾ ਫ਼ੌਜ ਵਿੱਚ ਸੂਬੇਦਾਰ ਸਨ। ਉਹ ਖ਼ਾਲਿਸਤਾਨ ਦੇ ਆਈਐੱਸਆਈ ਏਜੰਟ ਅਬਦੁੱਲਾ ਅਤੇ ਅਵਤਾਰ ਸਿੰਘ ਦੇ ਸੰਪਰਕ ਵਿੱਚ ਸੀ। ਇਸ ਦੇ ਨਾਲ ਗੋਪਾਲ ਸਿੰਘ ਚਾਵਲਾ ਨਾਲ ਵੀ ਉਸ ਦਾ ਸੰਪਰਕ ਸੀ ਜੋ ਹਾਫ਼ਿਜ਼ ਸਈਦ ਦਾ ਕਰੀਬੀ ਹੈ।
ਉਹ ਖ਼ਾਲਿਸਤਾਨੀ ਮੂਵਮੈਂਟ ਨਾਲ ਸਬੰਧ ਰੱਖਦਾ ਹੈ। ਜਨਵਰੀ 2019 ਵਿੱਚ ਉਹ ਚੰਡੀਗੜ੍ਹ ਵਿੱਚ ਨਾਰਾਇਣ ਸਿੰਘ ਨੂੰ ਮਿਲਿਆ ਸੀ ਅਤੇ ਖ਼ਾਲਿਸਤਾਨ ਮੂਵਮੈਂਟ ਵਿੱਚ ਗੁਰਤੇਜ ਸਿੰਘ ਨੂੰ ਸ਼ਾਮਲ ਕਰਨ ਦੀ ਗੱਲ ਕੀਤੀ ਹੈ। ਗੁਰਤੇਜ ਨੌਜਵਾਨਾਂ ਨੂੰ ਇਸ ਅੱਤਵਾਦੀ ਸੰਗਠਨ ਦੇ ਲਈ ਭਰਤੀ ਕਰਦਾ ਸੀ। ਹੁਣ ਤੱਕ ਉਹ 5 ਹੋਰ ਨੌਜਵਾਨਾਂ ਨੂੰ ਭਰਤੀ ਕਰਵਾ ਚੁੱਕਿਆ ਸੀ।
ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਰਾਮ ਰਹੀਮ ਦੇ 1 ਚੇਲੇ ਨੂੰ ਵੀ ਆਪਣੇ ਨਾਲ ਮਿਲਾ ਚੁੱਕਿਆ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਇੱਕ ਕਾਰੋਬਾਰੀ ਤੋਂ 10 ਲੱਖ ਰੁਪਏ ਦੀ ਉਗਰਾਹੀ ਲਈ 1 ਪਿਸਟਲ ਦਾ ਇੰਤਜ਼ਾਮ ਕੀਤਾ ਸੀ। ਗੁਰਤੇਜ ਸਿੰਘ ਅਮਰੀਕਾ ਬੈਠੇ ਗੁਰਪਤਵੰਤ ਸਿੰਘ ਪੰਨੂੰ ਨਾਲ ਵੀ ਸੰਪਰਕ ਵਿੱਚ ਸੀ।
ਪੜ੍ਹਣ ਆਇਆ ਦਿੱਲੀ ਬਣ ਗਿਆ ਅੱਤਵਾਦੀ
ਦੂਸਰਾ ਦੋਸ਼ੀ ਮਹਿੰਦਰਪਾਲ ਸਿੰਘ 2007 ਵਿੱਚ ਦਿੱਲੀ ਪੜ੍ਹਣ ਆਇਆ ਸੀ। 2013 ਵਿੱਚ ਗੁਰਬਖ਼ਸ਼ ਸਿੰਘ ਖ਼ਾਲਸਾ 44 ਦਿਨ ਦੀ ਭੁੱਖ ਹੜਤਾਲ ਉੱਤੇ ਬੈਠੇ ਸਨ। ਉਹ ਇਸ ਵਿੱਚ ਵੀ ਸ਼ਾਮਲ ਹੋਇਆ ਅਤੇ ਹੌਲੀ-ਹੌਲੀ ਖ਼ਾਲਿਸਤਾਨ ਮੂਵਮੈਂਟ ਵਿੱਚ ਸ਼ਾਮਲ ਹੋ ਗਿਆ। ਜਗਤਾਰ ਸਿੰਘ ਹਵਾਰਾ ਅਤੇ ਦਯਾ ਸਿੰਘ ਦੀ ਪੇਸ਼ੀ ਦੌਰਾਨ ਉਹ ਅਦਾਲਤ ਵਿੱਚ ਜਾਂਦਾ ਸੀ।
ਕਈ ਲੋਕਾਂ ਦੀ ਹੱਤਿਆ ਕਰਨ ਵਾਲਾ ਸੀ ਲਵਪ੍ਰੀਤ
ਤੀਸਰਾ ਦੋਸ਼ੀ ਲਵਪ੍ਰੀਤ ਸਿੰਘ ਕੰਪਿਊਟਰ ਰਿਪੇਅਰ ਕਰਨ ਦੇ ਨਾਲ-ਨਾਲ ਸੀਸੀਟੀਵੀ ਕੈਮਰੇ ਲਾਉਂਦਾ ਸੀ। 3 ਤੋਂ 4 ਸਾਲ ਪਹਿਲਾਂ ਉਸ ਦਾ ਝੁਕਾਅ ਖ਼ਾਲਿਸਤਾਨੀ ਮੂਵਮੈਂਟ ਵੱਲ ਹੋਇਆ। 2017 ਵਿੱਚ ਉਹ ਬਲਜੀਤ ਸਿੰਘ ਨੂੰ ਅੰਮ੍ਰਿਤਸਰ ਵਿੱਚ ਮਿਲਿਆ ਸੀ। ਉਨ੍ਹਾਂ ਨੇ ਉਸ ਨੂੰ ਹਵਾਰਾ ਕਮੇਟੀ ਵਿੱਚ ਸ਼ਾਮਲ ਕਰ ਲਿਆ। ਲਵਪ੍ਰੀਤ ਸਿੰਘ ਫ਼ਿਲਹਾਲ ਸਮਾਣਾ ਵਿੱਚ ਇੱਕ ਵਿਅਕਤੀ ਦੀ ਹੱਤਿਆ ਦੇ ਲਈ ਸਾਜ਼ਿਸ਼ ਰੱਚ ਰਿਹਾ ਸੀ। ਪੰਜਾਬ ਦਾ ਇੱਕ ਸ਼ਿਵ ਸੈਨਾ ਦਾ ਨੇਤਾ ਵੀ ਉਸ ਦੇ ਨਿਸ਼ਾਨੇ ਉੱਤੇ ਸੀ। ਆਪਣੇ ਪਿੰਡ ਦੇ ਸਰਪੰਚ ਦੀ ਵੀ ਉਹ ਹੱਤਿਆ ਕਰਨਾ ਚਾਹੁੰਦਾ ਸੀ।