ਨਵੀਂ ਦਿੱਲੀ: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨਾਲ਼ ਉਦੋਂ ਤੱਕ ਗੱਲਬਾਤ ਸੰਭਵ ਨਹੀਂ ਹੈ ਜਦੋਂ ਤੱਕ ਉਹ ਅੱਤਵਾਦ ਦਾ ਸਾਥ ਅਤੇ ਉਸ ਨੂੰ ਵਧਾਵਾ ਦੇਣਾ ਬੰਦ ਨਹੀਂ ਕਰਦੇ। ਸਿੰਘ ਨੇ ਕਿਹਾ ਕਿ ਜੇ ਪਾਕਿਸਤਾਨ ਨਾਲ਼ ਕਿਸੇ ਮੁੱਦੇ 'ਤੇ ਗੱਲ ਹੋਵੇਗੀ ਤਾਂ ਉਹ ਸਿਰਫ਼ ਮਕਬੂਜ਼ਾ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲਾ) ਬਾਰੇ ਹੋਵੇਗੀ।
ਰਾਜਨਾਥ ਸਿੰਘ ਨੇ ਕਿਹਾ ਕਿ ਜੇ ਗੱਲਬਾਤ ਹੁੰਦੀ ਹੈ ਤਾਂ ਇਹ ਸਿਰਫ਼ ਪੀਓਕੇ ਬਾਰੇ ਹੀ ਹੋਵੇਗੀ। ਜੇ ਪਾਕਿਸਤਾਨ ਨਾਲ਼ ਕਿਸੇ ਤਰ੍ਹਾਂ ਦੀ ਗੱਲਬਾਤ ਹੋਵੇਗੀ ਤਾਂ ਪਹਿਲਾਂ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਸਾਥ ਦੇਣਾ ਬੰਦ ਕਰਨਾ ਪਵੇਗਾ। ਇਸ ਦੇ ਨਾਲ਼ ਹੀ ਕਿਹਾ ਕਿ ਉਹ ਪਾਕਿਸਤਾਨ ਨਾਲ਼ ਕਿਸ ਮੁੱਦੇ 'ਤੇ ਗੱਲ ਕਰਨ ਅਤੇ ਕਿਉਂ ਕਰਨ?
ਧਾਰਾ 370 ਖ਼ਤਮ ਕਰਨ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ਼ ਗੁਆਂਢੀ ਦੇਸ਼ ਕਮਜ਼ੋਰ ਹੋਇਆ ਹੈ ਅਤੇ ਇਹ ਉਨ੍ਹਾਂ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਹੁਣ ਮਦਦ ਲਈ ਹਰ ਦਰਵਾਜਾ ਖੜਕਾ ਕੇ ਵੱਖ-ਵੱਖ ਦੇਸ਼ਾਂ ਤੋਂ ਸਹਿਯੋਗ ਮੰਗ ਰਿਹਾ ਹੈ।
ਇਸ ਦੇ ਨਾਲ਼ ਹੀ ਕਿਹਾ ਕਿ ਪਾਕਿਸਤਾਨ ਅੱਤਵਾਦ ਦੇ ਜ਼ਰੀਏ ਭਾਰਤ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ, ਪਾਕਿਸਤਾਨ ਅੱਤਵਾਦ ਦੀ ਵਰਤੋਂ ਕਰਕੇ ਭਾਰਤ ਦੇਸ਼ ਨੂੰ ਤੋੜਨਾ ਚਾਹੁੰਦਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸ ਦਿੱਤਾ ਹੈ ਕਿ ਫ਼ੈਸਲੇ ਕਿਵੇਂ ਲਏ ਜਾਂਦੇ ਹਨ।
ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਾਲ ਹੀ ਵਿੱਚ ਕਿਹਾ ਕਿ ਭਾਰਤ ਬਾਲਾਕੋਟ ਤੋਂ ਵੱਡੇ ਹਮਲੇ ਦੀ ਸਕੀਮ ਬਣਾ ਰਿਹਾ ਹੈ ਜਿਸ ਦਾ ਮਤਲਬ ਹੈ ਉਨ੍ਹਾਂ ਨੇ ਮੰਨ ਲਿਆ ਹੈ ਕਿ ਬਾਲਾਕੋਟ ਵਿੱਚ ਹਵਾਈ ਹਮਲਾ ਹੋਇਆ ਹੈ।
ਇੱਥੇ ਇਹ ਦੱਸ ਦਈਏ ਕਿ 14 ਫ਼ਰਵਰੀ ਨੂੰ ਪੁਲਵਾਮਾ ਵਿੱਚ ਹੋਏ ਹਮਲੇ ਤੋਂ ਬਾਅਦ ਪੀਓਕੇ ਦੇ ਬਾਲਾਕੋਟ ਵਿੱਚ ਏਅਰ ਸਟ੍ਰਾਇਕ ਕਰ ਕੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਸਤੋ ਨਾਬੂਤ ਕਰਨ ਦੇ ਦਾਅਵੇ ਕੀਤੇ ਸੀ ਪਰ ਪਾਕਿਸਤਾਨ ਸਰਕਾਰ ਇਸ ਨੂੰ ਝੂਠ ਦਾ ਪਲੰਦਾ ਕਹਿ ਰਹੀ ਸੀ।
ਧਾਰਾ 370 ਹਟਾਏ ਜਾਣ ਤੋਂ ਬਾਅਦ 14 ਅਗਸਤ ਨੂੰ ਮਕਬੂਜ਼ਾ ਕਸ਼ਮੀਰ ਵਿੱਚ ਇਮਰਾਨ ਖ਼ਾਨ ਨੇ ਸੰਸਦ ਨੇ ਸੰਬੋਧਨ ਕੀਤਾ ਜਿਸ ਵਿੱਚ ਉਨ੍ਹਾਂ ਕਹਿ ਦਿੱਤਾ ਕਿ ਭਾਰਤ ਬਾਲਾਕੋਟ ਹਮਲੇ ਤੋਂ ਵੱਡਾ ਹਮਲਾ ਕਰਨ ਦੀ ਸਕੀਮ ਬਣਾ ਰਿਹਾ ਹੈ ਜਿਸ ਤੋਂ ਕਿਤੇ ਨਾ ਕਿਤੇ ਇਹ ਸਾਬਤ ਹੁੰਦਾ ਹੈ ਕਿ ਭਾਰਤ ਸਰਕਾਰ ਸਹੀ ਸੀ ਜਿਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਬਾਲਾਕੋਟ ਵਿੱਚ ਏਅਰ ਸਟ੍ਰਾਇਕ ਕਰ ਕੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ।