ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਨੂੰ ਅਨਲੌਕ 4 ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਨ੍ਹਾਂ ਨਿਰਦੇਸ਼ਾਂ ਤਹਿਤ ਮੈਟਰੋ ਰੇਲ ਨੂੰ 7 ਸਤੰਬਰ ਤੋਂ ਲੜੀਬੱਧ ਢੰਗ ਨਾਲ ਚਲਾਉਣ ਦੀ ਮਨਜੂਰੀ ਦਿੱਤੀ ਜਾਵੇਗੀ, ਜਦਕਿ 21 ਸਤੰਬਰ ਤੋਂ 100 ਲੋਕਾਂ ਦੀ ਹੱਦ ਤੱਕ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਪ੍ਰੋਗਰਾਮਾਂ ਲਈ ਮਨਜੂਰੀ ਹੋਵੇਗੀ।
ਸਕੂਲ, ਕਾਲਜ ਅਤੇ ਹੋਰ ਸਿੱਖਿਆ ਸੰਸਥਾਵਾਂ 30 ਸਤੰਬਰ ਤੱਕ ਬੰਦ ਰਹਿਣਗੀਆਂ। ਹਾਲਾਂਕਿ ਜਮਾਤ 9 ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਕੁੱਝ ਛੋਟ ਦਿੱਤੀ ਗਈ ਹੈ।
ਗ੍ਰਹਿ ਮੰਤਰਾਲੇ ਨੇ ਇੱਕ ਮਹੱਤਵਪੂਰਨ ਨਿਰਦੇਸ਼ ਵਿੱਚ ਕਿਹਾ ਹੈ ਕਿ ਸੂਬਾ ਸਰਕਾਰਾਂ ਕੇਂਦਰ ਨਾਲ ਸਲਾਹ ਕੀਤੇ ਬਿਨਾਂ ਬਲਾਕ ਕੀਤੇ ਖੇਤਰਾਂ ਤੋਂ ਬਾਹਰ ਕੋਈ ਸਥਾਨਕ ਲੌਕਡਾਊਨ ਲਾਗੂ ਨਹੀਂ ਕਰਨਗੀਆਂ।
ਮੰਤਰਾਲੇ ਨੇ ਕਿਹਾ ਕਿ ਸੂਬੇ ਅਤੇ ਕੇਂਦਰ ਸ਼ਾਸਿਤ ਰਾਜਾਂ ਵਿੱਚ 50 ਫ਼ੀਸਦੀ ਤੱਕ ਸਿੱਖਿਆ, ਗ਼ੈਰ ਸਿੱਖਿਆ ਕਰਮਚਾਰੀਆਂ ਨੂੰ ਆਨਲਾਈਨ ਸਿੱਖਿਆ, ਟੈਲੀ ਕੌਂਸਲਿੰਗ ਨਾਲ ਸਬੰਧਿਤ ਕੰਮਾਂ ਲਈ ਸਕੂਲਾਂ ਵਿੱਚ ਬੁਲਾਇਆ ਜਾ ਸਕਦਾ ਹੈ।
ਨਿਰਦੇਸ਼ਾਂ ਅਨੁਸਾਰ ਬਲਾਕ ਕੀਤੇ ਖੇਤਰ ਦੇ ਬਾਹਰ ਸਥਿਤ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਤੋਂ ਮਾਰਗਦਰਸ਼ਨ ਲੈਣ ਲਈ ਸਵੈ-ਇੱਛਾ ਦੇ ਆਧਾਰ 'ਤੇ ਸਕੂਲ ਜਾਣ ਦੀ ਮਨਜੂਰੀ ਦਿੱਤੀ ਜਾ ਸਕਦੀ ਹੈ। ਇਹ ਬੱਚਿਆਂ ਦੇ ਮਾਪਿਆਂ ਦੀ ਲਿਖਤੀ ਸਹਿਮਤੀ ਨਾਲ ਹੋਵੇਗਾ।
ਗ੍ਰਹਿ ਮੰਤਰਾਲੇ ਦੀ ਸਲਾਹ ਨਾਲ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਅਤੇ ਰੇਲ ਮੰਤਰਾਲੇ ਵੱਲੋਂ ਕ੍ਰਮਵਾਰ ਢੰਗ ਨਾਲ 7 ਸਤੰਬਰ ਤੋਂ ਮੈਟਰੋ ਰੇਲ ਦੇ ਸੰਚਾਲਨ ਦੀ ਮਨਜੂਰੀ ਦਿੱਤੀ ਜਾਵੇਗੀ। ਇਸ ਸਬੰਧੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੀ ਮਾਪਕ ਸੰਚਾਲਨ ਪ੍ਰਕਿਰਿਆ (ਐਸਓਪੀ) ਜਾਰੀ ਕੀਤੀ ਜਾਵੇਗੀ।
ਗ੍ਰਹਿ ਮੰਤਰਾਲੇ ਦੇ ਅਨਲੌਕ 4 ਲਈ ਜਾਰੀ ਨਿਰਦੇਸ਼ਾਂ ਅਨੁਸਾਰ 21 ਸਤੰਬਰ ਤੋਂ 100 ਲੋਕਾਂ ਦੀ ਹੱਦ ਨਾਲ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਪ੍ਰੋਗਰਾਮਾਂ ਲਈ ਮਨਜੂਰੀ ਹੋਵੇਗੀ।
ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਾਲਾਂਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਮਾਸਕ ਪਾਉਣਾ, ਸਮਾਜਿਕ ਦੂਰੀ ਦੀ ਪਾਲਣਾ ਕਰਨੀ, ਥਰਮਲ ਸਕੈਨਿੰਗ ਅਤੇ ਹੱਥ ਧੋਣਾ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰਨੀ ਲਾਜ਼ਮੀ ਹੋਵੇਗੀ।