ਨਵੀਂ ਦਿੱਲੀ: ਅਮਰੀਕਾ ਦੌਰੇ ਤੋਂ ਪਰਤਣ ਤੋਂ ਬਾਅਦ ਪੀਐਮ ਮੋਦੀ ਨੇ ਐਤਵਾਰ ਨੂੰ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਦੇ ਦੂਜੇ ਕਾਰਜਕਾਲ 'ਚ ਇਹ 'ਮਨ ਕੀ ਬਾਤ' ਦਾ ਚੌਥਾ ਭਾਗ ਹੈ।
ਇਸ ਦੌਰਾਨ ਮੋਦੀ ਨੇ ਬਾਲੀਵੁੱਡ ਦੀ ਮਸ਼ਹੂਰ ਕਲਾਕਾਰ ਲਤਾ ਮੰਗੇਸ਼ਕਰ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮੋਦੀ ਨੇ ਇਸ ਦੀਵਾਲੀ ‘ਤੇ, ਮਹਿਲਾ ਸ਼ਕਤੀ ਦੇ ਹੁਨਰ, ਸਮਰਪਣ ਅਤੇ ਪ੍ਰਤਿਭਾ ਦਾ ਸਨਮਾਨ ਅਤੇ ਜਸ਼ਨ ਮਨਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਧੀਆਂ ਜੋ ਅਸਾਧਾਰਣ ਕੰਮ ਕਰਦੀਆਂ ਹਨ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਸਨਮਾਨ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ‘ਸੈਲਫੀ ਵਿਦ ਡੌਟਰ’ ਮੁਹਿੰਮ ਵਾਂਗ ‘ਭਾਰਤ ਕੀ ਲਕਸ਼ਮੀ’ ਮੁਹਿੰਮ ਧੀਆਂ ਦਾ ਸਨਮਾਨ ਕਰਨ ਲਈ ਚਲਾਈ ਜਾਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਸਾਨੂੰ ਧੀਆਂ ਦੀਆਂ ਸਮਾਜਿਕ ਪ੍ਰਾਪਤੀਆਂ ਬਾਰੇ ਸੋਸ਼ਲ ਮੀਡੀਆ ‘ਤੇ ਵੱਧ ਤੋਂ ਵੱਧ ਸਾਂਝਾ ਕਰਨਾ ਚਾਹੀਦਾ ਹੈ ਅਤੇ #BharatKiLaxmi ਹੈਸ਼ਟੈਗ ਦੀ ਵਰਤੋਂ ਕਰਨੀ ਚਾਹੀਦੀ ਹੈ।”
ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, ਅਸੀਂ ਸਾਰੇ ਨਵਰਾਤਰੀ ਤਿਉਹਾਰ, ਗਰਬਾ, ਦੁਰਗਪੂਜਾ, ਦੁਸਹਿਰਾ, ਦੀਵਾਲੀ, ਭਈਆ-ਦੂਜ, ਛੱਠ ਪੂਜਾ, ਤਿਉਹਾਰ ਮਨਾਵਾਂਗੇ। ਤੁਹਾਨੂੰ ਸਭ ਨੂੰ ਆਉਣ ਵਾਲੇ ਤਿਉਹਾਰਾਂ ਦੀ ਬਹੁਤ ਬਹੁਤ ਮੁਬਾਰਕਾਂ।