ਨਵੀਂ ਦਿੱਲੀ: ਇੱਕ ਵਾਰ ਮੁੜ ਲੱਦਾਖ 'ਚ ਸਰਹੱਦ 'ਤੇ ਚੀਨੀ ਫ਼ੌਜੀਆਂ ਵੱਲੋਂ ਘੁਸਪੈਠ ਦੀ ਸਾਜ਼ਿਸ਼ ਹੋਣ 'ਤੇ ਜਿੱਥੇ ਕਾਂਗਰਸ ਨੇ ਸੋਮਵਾਰ ਨੂੰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ, ਉੱਥੇ ਹੀ ਭਾਜਪਾ ਨੇ ਵੀ ਕਾਂਗਰਸ 'ਤੇ ਜਵਾਬੀ ਹਮਲਾ ਕੀਤਾ।
ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਅਤੇ ਫੌਜ ਹੈ, ਕੋਈ ਵੀ ਦੇਸ਼ ਭਾਰਤ ਦੀ ਪ੍ਰਭੂਸੱਤਾ ਨਾਲ ਨਹੀਂ ਖੇਡ ਸਕਦਾ। ਕਾਂਗਰਸ ਵੱਲੋਂ 'ਲਾਲ ਅੱਖਾਂ' ਬਾਰੇ ਸਵਾਲ ਉਠਾਉਣ 'ਤੇ ਭਾਜਪਾ ਨੇ ਕਿਹਾ ਹੈ ਕਿ ਸਾਡੀਆਂ ਅੱਖਾਂ ਲਾਲ ਹਨ, ਪਰ ਉਨ੍ਹਾਂ ਦੀਆਂ ਅੱਖਾਂ ਭਿੱਜੀਆਂ ਹਨ।
ਸੋਮਵਾਰ ਨੂੰ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਪਾਤਰਾ ਨੇ ਕਿਹਾ ਲਾਲ ਅੱਖਾਂ ਹਿੰਦੁਸਤਾਨ ਕੋਲ ਹਨ, ਪ੍ਰਧਾਨ ਮੰਤਰੀ ਮੋਦੀ ਕੋਲ ਹਨ, ਭਾਰਤ ਦੀ ਫੌਜ ਕੋਲ ਹਨ, ਤਾਂ ਹੀ ਭਾਰਤ ਦੀ ਪ੍ਰਭੂਸੱਤਾ ਅਟੁੱਟ ਹੈ। ਕੋਈ ਵੀ ਭਾਰਤ ਵੱਲ ਅੱਖਾਂ ਚੁੱਕ ਕੇ ਵੇਖਣ ਦੀ ਹਿੰਮਤ ਨਹੀਂ ਕਰਦਾ। ਬੱਚਾ-ਬੱਚਾ ਭਾਰਤੀ ਫੌਜ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਭਰੋਸੇ ਨਾਲ ਵੇਖਦਾ ਹੈ। ਜਿੰਨਾ ਚਿਰ ਸਰਕਾਰ ਅਤੇ ਫੌਜ ਖੜੀ ਹੈ, ਕੋਈ ਵੀ ਦੇਸ਼ ਦੀ ਪ੍ਰਭੂਸੱਤਾ ਨਾਲ ਖੇਡ ਨਹੀਂ ਸਕਦਾ।
ਸੰਬਿਤ ਪਾਤਰਾ ਨੇ ਇਹ ਪ੍ਰਤੀਕ੍ਰਿਆ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਦੇ ਉਸ ਬਿਆਨ 'ਤੇ ਦਿੱਤੀ, ਜਿਸ ਵਿੱਚ ਉਨ੍ਹਾਂ 29-30 ਅਗਸਤ ਦੀ ਰਾਤ ਨੂੰ ਪੈਨਗੌਂਗ ਝੀਲ ਦੇ ਨੇੜੇ ਚੀਨੀ ਫੌਜਾਂ ਦੀ ਘੁਸਪੈਠ ਕਰਨ ਦੀ ਕੋਸ਼ਿਸ਼ 'ਤੇ ਦਿੰਦਿਆਂ ਕਿਹਾ ਸੀ, "ਆਏ ਦਿਨ ਦੇਸ਼ ਦੀ ਧਰਤੀ 'ਤੇ ਚੀਨੀ ਘੁਸਪੈਠ ਹੋ ਰਹੀ ਹੈ, ਮੋਦੀ ਜੀ, ਪਰ ਲਾਲ ਅੱਖਾਂ ਕਿੱਥੇ ਹਨ। ਚੀਨ ਨਾਲ ਅੱਖਾਂ 'ਚ ਅੱਖਾਂ ਪਾ ਕੇ ਕਦੋਂ ਗੱਲ ਹੋਵੇਗੀ। ਪ੍ਰਧਾਨ ਮੰਤਰੀ ਚੁੱਪ ਕਿਉਂ ਹਨ?"