ਸ੍ਰੀਨਗਰ: ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੀ ਸਿਹਤ ਬਿਲਕੁਲ ਠੀਕ ਹੈ, ਤੇ ਇਸ ਸਬੰਧੀ ਲੋਕਾਂ ਨੂੰ ਅਫ਼ਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ ਹਨ।
“ਸੱਯਦ ਅਲੀ ਸ਼ਾਹ ਗਿਲਾਨੀ ਦੀ ਸਿਹਤ ਸਥਿਤੀ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਬੇਬੁਨਿਆਦ ਹਨ। ਅਸੀਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ, ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਠੀਕ ਹਨ। ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਬਸ਼ੀਰ ਅਹਿਮਦ ਖ਼ਾਨ ਨੇ ਕਿਹਾ ਕਿ ਗਿਲਾਨੀ ਦੀ ਸਿਹਤ ਬਾਰੇ ਅਫ਼ਵਾਹਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸਵਾਰਥੀ ਹਿੱਤਾਂ ਦੀ ਜਾਂਚ ਕਰੋ।
ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੀ ਸਿਹਤ ਵਿਗੜਨ ਦੀਆਂ ਅਫ਼ਵਾਹਾਂ ਨੂੰ ਲੈ ਕੇ ਘਾਟੀ ਵਿੱਚ ਸਖ਼ਤ ਸੁਰੱਥਿਆ ਕਰਦਿਆਂ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਹੁਣ ਉਸ 'ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕਹਿ ਦਿੱਤਾ ਹੈ ਕਿ ਗਿਲਾਨੀ ਦੀ ਸਿਹਤ ਸਬੰਧੀ ਫੈਲਾਈਆਂ ਅਫ਼ਵਾਹਾਂ ਬੇਬੁਨਿਆਦ ਹਨ।
ਇੱਥੇ ਤੱਕ ਕਿ ਆਲ ਪਾਰਟੀ ਹੁਰੀਅਤ ਕਾਨਫ਼ਰੰਸ ਨੇ ਮੁਜ਼ੱਫ਼ਰਾਬਾਦ (ਮਕਬੂਜ਼ਾ ਕਸ਼ਮੀਰ) ਤੋਂ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਜੇ ਗਿਲਾਨੀ ਆਖ਼ਰੀ ਸਾਹ ਲੈਂਦੇ ਹਨ ਤਾਂ ਸਾਰੇ ਲੋਕ ਸ੍ਰੀਨਗਰ ਸਥਿਤ ਈਦਗਾਹ ਵਿੱਚ ਇਕੱਠੇ ਹੋ ਜਾਣਗੇ।
ਦਿੱਲੀ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਗਿਲਾਨੀ ਦਾ ਸਿਹਤ ਨਾਜ਼ੁਕ ਬਣੀ ਹੋਈ ਹੈ।ਹੁਰੀਅਤ ਨੇ ਬਿਆਨ ਵਿੱਚ ਐਲਾਨ ਕੀਤਾ ਹੈ ਕਿ ਗਿਲਾਨੀ ਨੇ ਹਾਲ ਹੀ ਆਪਣੀ ਇੱਛਾ ਜ਼ਾਹਰ ਕੀਤੀ ਹੈ ਕਿ ਉਨ੍ਹਾਂ ਨੂੰ ਸ੍ਰੀਨਗਰ ਈਦਗਾਹ ਵਿੱਚ ਮੌਜੂਦ ਮਜ਼ਾਰੇ ਸ਼ੁਹਦਾ ਵਿੱਚ ਦਫਨਾਇਆ ਜਾਵੇ। ਗਿਲਾਨੀ ਦੇ ਪੁੱਤਰ ਸਈਦ ਨਸੀਮ ਨੇ ਆਪਣੀ ਫ਼ੇਸਬੁੱਕ ਪੋਸਟ ਵਿੱਚ ਕਿਹਾ ਕਿ ਅੱਬੂ ਦੀ ਹਾਲਤ ਸਥਿਰ ਹੈ, ਉਨ੍ਹਾਂ ਨੂੰ ਛਾਤੀ ਵਿੱਚ ਦਰਦ ਸੀ ਜੋ ਕਿ ਹੁਣ ਠੀਕ ਹੋ ਗਿਆ ਹੈ।