ਜੈਪੂਰ: ਪਿਛਲੇ ਇੱਕ ਮਹੀਨੇ ਤੋਂ ਰਾਜਸਥਾਨ ਵਿੱਚ ਚੱਲ ਰਹੇ ਰਾਜਨੀਤਿਕ ਸੰਘਰਸ਼ ਦੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸੋਮਵਾਰ ਨੂੰ ਪਹਿਲੀ ਵਾਰ ਮੀਡੀਆ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਰਟੀ ਅਹੁਦਾ ਦਿੰਦੀ ਵੀ ਹੈ ਅਤੇ ਅਹੁਦਾ ਲੈਂਦੀ ਵੀ ਹੈ। ਮੈਨੂੰ ਅਹੁਦੇ ਦਾ ਕੋਈ ਲਾਲਚ ਨਹੀਂ ਹੈ, ਪਰ ਮੈਂ ਆਪਣੇ ਮਾਣ ਨਾਲ ਜੁੜੀ ਗੱਲ ਪਾਰਟੀ ਸਾਹਮਣੇ ਰੱਖੀ ਹੈ। ਸਾਨੂੰ ਲੱਗਦਾ ਸੀ ਇਹ ਗੱਲ ਪਾਰਟੀ ਸਾਹਮਣੇ ਰੱਖਣਾ ਜ਼ਰੂਰੀ ਸੀ। ਇਸ ਵਿਚਾਲੇ ਮੈਨੂੰ ਕਈ ਸਾਰੀਆਂ ਗੱਲਾਂ ਕਹੀਆਂ ਗਈਆਂ ਸਨ ਅਤੇ ਮੈਨੂੰ ਨਿੱਜੀ ਤੌਰ 'ਤੇ ਬਹੁਤ ਕੁਝ ਸੁਣਨਾ ਪਿਆ, ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ। ਪਰ ਰਾਜਨੀਤੀ ਵਿਚ ਸੰਜਮ ਕਾਇਮ ਰੱਖਣਾ ਪੈਂਦਾ ਹੈ।
ਰਾਜਸਥਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਸਚਿਨ ਪਾਇਲਟ ਨੇ ਸੋਮਵਾਰ ਨੂੰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਕਾਂਗਰਸ ਨੇ ਸਚਿਨ ਪਾਇਲਟ ਨਾਲ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸਚਿਨ ਪਾਇਲਟ ਸਮੇਤ ਬਾਗੀ ਵਿਧਾਇਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ 3 ਮੈਂਬਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਸਾਰੀ ਰਿਪੋਰਟ ਹਾਈ ਕਮਾਂਡ ਨੂੰ ਦੇਵੇਗੀ।
ਰਾਹੁਲ ਗਾਂਧੀ ਨਾਲ ਪਾਇਲਟ ਦੀ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਕਾਂਗਰਸ ਦੇ ਜਨਰਲ ਸੱਕਤਰ ਇੰਚਾਰਜ ਕੇਸੀ ਵੇਣੂਗੋਪਾਲ ਨੇ ਇੱਕ ਬਿਆਨ ਵਿੱਚ ਕਿਹਾ, ‘ਪਾਇਲਟ ਨੇ ਆਪਣੀਆਂ ਸ਼ਿਕਾਇਤਾਂ ਨੂੰ ਵਿਸਥਾਰ ਵਿੱਚ ਪ੍ਰਗਟਾਇਆ। ਉਨ੍ਹਾਂ ਵਿਚਾਲੇ ਸਪੱਸ਼ਟ ਵਿਚਾਰ ਵਟਾਂਦਰੇ ਹੋਏ ਹਨ। ਸਚਿਨ ਪਾਇਲਟ ਕਾਂਗਰਸ ਸਰਕਾਰ ਦੇ ਹਿੱਤ ਵਿੱਚ ਕੰਮ ਕਰਨ ਲਈ ਵਚਨਬੱਧ ਹਨ।
ਦੱਸ ਦੇਈਏ ਕਿ ਜਦੋਂ ਤੋਂ ਸਚਿਨ ਪਾਇਲਟ ਨੇ ਰਾਜਸਥਾਨ ਸਰਕਾਰ ਦੇ ਖਿਲਾਫ ਆਪਣਾ ਵਿਦਰੋਹੀ ਰੁਖ ਅਪਣਾਇਆ ਸੀ, ਉਦੋਂ ਤੋਂ ਪਾਇਲਟ ਪਿਛਲੇ ਇੱਕ ਮਹੀਨੇ ਵਿੱਚ ਪਹਿਲੀ ਵਾਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ । ਇਸ ਮੀਟਿੰਗ ਵਿੱਚ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸੀ। ਕਾਂਗਰਸ ਪਾਰਟੀ ਪਾਇਲਟ ਕੈਂਪ ਦੇ ਕੁੱਝ ਵਿਧਾਇਕਾਂ ਨੂੰ ਮਨਾਉਣ ਵਿੱਚ ਸਫ਼ਲ ਰਹੀ ਹੈ। ਸੋਮਵਾਰ ਦੀ ਦੇਰ ਸ਼ਾਮ ਕਾਂਗਰਸ ਆਗੂ ਭੰਵਰ ਲਾਲ ਸ਼ਰਮਾ ਨੇ ਜੈਪੁਰ ਵਿੱਚ ਸੀ.ਐਮ. ਗਹਿਲੋਤ ਨਾਲ ਵੀ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਸਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਹੁਣ ਕੋਈ ਨਾਰਾਜ਼ਗੀ ਨਹੀਂ ਹੈ।