ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਸਮੇਤ ਵਿਰੋਧੀ ਧਿਰ ਦੇ ਕਈ ਆਗੂਆਂ ਨੂੰ ਸ੍ਰੀਨਗਰ ਏਅਰਪੋਰਟ ਤੋਂ ਵਾਪਿਸ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਦਿੱਲੀ ਪਰਤਣ 'ਤੇ ਰਾਹਲੁ ਗਾਂਧੀ ਨੇ ਕਿਹਾ ਕਿ ਸੂਬਾ ਪ੍ਰਸ਼ਾਸਨ ਦੇ ਇਸ ਕਦਮ ਨੇ ਸਾਬਿਤ ਕਰ ਦਿੱਤਾ ਹੈ ਕਿ ਜੰਮੂ ਕਸ਼ਮੀਰ ਦੀ ਸਥਿਤੀ ਆਮ ਨਹੀਂ ਹੈ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ, "ਕੁਝ ਦਿਨ ਪਹਿਲਾਂ ਮੈਨੂੰ ਰਾਜਪਾਲ ਸਤਿਆਪਾਲ ਮਲਿਕ ਵੱਲੋਂ ਸੂਬੇ ਦਾ ਦੌਰਾ ਕਰਨ ਲਈ ਸੱਦਾ ਭੇਜਿਆ ਗਿਆ ਸੀ ਤੇ ਮੈਂ ਉਨ੍ਹਾਂ ਦਾ ਸੱਦਾ ਸਵੀਕਾਰ ਕੀਤਾ ਸੀ। ਰਾਜਪਾਲ ਨੇ ਸੁਝਾਅ ਦਿੱਤਾ ਸੀ ਕਿ ਇੱਥੇ ਦੀ ਸਥਿਤੀ ਆਮ ਹੈ ਤੇ ਉਹ ਦੌਰਾਨ ਕਰਨ ਲਈ ਜਹਾਜ਼ ਭੇਜਣਗੇ। ਮੈਂ ਉਨ੍ਹਾਂ ਨੂੰ ਕਿਹਾ- ਮੈਨੂੰ ਤੁਹਾਡੇ ਜਹਾਜ਼ ਦੀ ਲੋੜ ਨਹੀਂ ਹੈ ਪਰ ਮੈਂ ਤੁਹਾਡੇ ਸੱਦੇ 'ਤੇ ਜੰਮੂ ਕਸ਼ਮੀਰ ਜ਼ਰੂਰ ਆਵਾਂਗਾ।"
ਰਾਹੁਲ ਗਾਂਧੀ ਨੇ ਕਿਹਾ, " ਅਸੀਂ ਜਾਣਨਾ ਚਾਹੁੰਦੇ ਸੀ ਕਿ ਉੱਥੇ ਲੋਕਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਜੇ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ ਤਾਂ ਕਰਾਂਗੇ, ਪਰ ਬਦਕਿਸਮਤੀ ਨਾਲ ਸਾਨੂੰ ਹਵਾਈ ਅੱਡੇ ਤੋਂ ਹੀ ਵਾਪਿਸ ਭੇਜ ਦਿੱਤਾ ਗਿਆ। ਸਾਡੇ ਨਾਲ ਦੇ ਪ੍ਰੈਸ ਦੇ ਲੋਕਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਗਿਆ ਤੇ ਮਾਰਿਆ ਗਿਆ। ਇਸ ਤੋਂ ਇਹ ਸਪਸ਼ਟ ਹੈ ਕਿ ਜੰਮੂ ਕਸ਼ਮੀਰ ਦੀ ਸਥਿਤੀ ਆਮ ਨਹੀਂ ਹੈ।"