ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿਚ ਨਾਗਰਿਕਤਾ ਸੋਧ ਬਿੱਲ ਪੇਸ਼ ਕਰ ਦਿੱਤਾ ਹੈ। ਪਹਿਲਾਂ ਹੀ ਅਸਾਮ ਦੇ ਕਈ ਇਲਾਕਿਆਂ ਵਿਚ ਇਸ ਬਿੱਲ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਕਈ ਥਾਵਾਂ 'ਤੇ ਅਸਾਮ ਬੰਦ ਦਾ ਐਲਾਨ ਕੀਤਾ ਗਿਆ ਹੈ। ਨਾਲੇ ਸੜਕਾਂ ਜਾਮ ਕਰ ਦਿੱਤੀਆਂ ਹਨ।
ਇਸਦੇ ਨਾਲ ਹੀ ਅਸਾਮ ਯੁਵਾ ਮੰਚ, ਆਲ ਅਸਾਮ ਸਟੂਡੈਂਟਸ ਯੂਨੀਅਨ, ਆਲ ਅਸਾਮ ਕੋਚ ਰਾਜਬੰਸ਼ੀ ਸਟੂਡੈਂਟ ਯੂਨੀਅਨ ਕੇਐਮਐਸਐਸ ਅਤੇ ਬੀਰ ਲੱਛੀ ਸੈਨਾ ਨੇ ਸਿਵਾਸਾਗਰ ਵਿਖੇ ਅਸਾਮ ਬੰਦ ਦਾ ਐਲਾਨ ਕੀਤਾ।
ਮਹੱਤਵਪੂਰਣ ਗੱਲ ਇਹ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਟੋਰਕ, ਜੋਰਹਾਟ ਵਿੱਚ ਟਾਇਰ ਸਾੜ ਕੇ ਸੜਕਾਂ ਜਾਮ ਕਰ ਦਿੱਤੀਆਂ ਹਨ।
ਸਦਨ 'ਚ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਬਿੱਲ ਪੇਸ਼ ਕੀਤਾ, ਜਿਸ ਮਗਰੋਂ ਇਸ 'ਤੇ ਚਰਚਾ ਜਾਰੀ ਹੈ ਤੇ ਕਾਂਗਰਸ ਸਮੇਤ ਕਈ ਸਿਆਸੀ ਦਲ ਇਸਦਾ ਵਿਰੋਧ ਕਰ ਰਹੇ ਹਨ। ਕਈ ਸਿਆਸੀ ਪਾਰਟੀਆਂ ਤੇ ਸੰਗਠਨਾਂ ਦੇ ਵਿਰੋਧ ਦੇ ਬਾਵਜੂਦ ਲੋਕ ਸਭਾ 'ਚ ਬਿੱਲ ਦੇ ਪਾਸ ਹੋਣ ਦੀ ਸੰਭਾਵਨਾ ਹੈ ਕਿਉਂਕਿ 545 ਮੈਂਬਰੀ ਸਦਨ 'ਚ ਭਾਜਪਾ ਦੇ 303 ਸਾਂਸਦ ਹਨ।