ਨਵੀਂ ਦਿੱਲੀ: ਵਾਟਸਐੱਪ ਹੈਕ ਨੂੰ ਲੈ ਕੇ ਹੁਣ ਸਿਆਸਤ ਭੱਖਦੀ ਜਾ ਰਹੀ ਹੈ। ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਪ੍ਰਿਅੰਕਾ ਗਾਂਧੀ ਵਾਡਰਾ ਸਣੇ ਤਿੰਨ ਵਿਰੋਧੀ ਨੇਤਾਵਾਂ ਦੇ ਫ਼ੋਨ ਸਰਕਾਰ ਵੱਲੋਂ ਹੈਕ ਕੀਤੇ ਗਏ ਸਨ।ਸ਼ਨੀਵਾਰ ਨੂੰ ਬੰਗਾਲ ਦੀ ਮੁੱਖ ਮੰਤਰੀ ਨੇ ਵੀ ਕੁਝ ਅਜਿਹਾ ਹੀ ਦਾਅਵਾ ਕੀਤਾ ਸੀ।
ਕਾਂਗਰਸ ਨੇ ਕਿਹਾ ਕਿ ਦੂਜੇ ਨੇਤਾ ਪ੍ਰਫੁੱਲ ਪਟੇਲ ਹੈ, ਜਿਸ ਦਾ ਫ਼ੋਨ ਹੈਕ ਕੀਤਾ ਗਿਆ ਹੈ। ਪ੍ਰਫੁੱਲ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਿੱਚ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਐਤਵਾਰ ਦੁਪਹਿਰ ਪੱਤਰਕਾਰਾਂ ਨੂੰ ਦੱਸਿਆ, "ਜਦੋਂ ਵਟਸਐਪ ਨੇ ਉਨ੍ਹਾਂ ਸਾਰਿਆਂ ਲੋਕਾਂ ਨੂੰ ਮੈਸੇਜ ਭੇਜੇ ਜਿਨ੍ਹਾਂ ਦੇ ਫੋਨ ਹੈਕ ਕੀਤੇ ਗਏ ਸਨ, ਤਾਂ ਅਜਿਹਾ ਹੀ ਇੱਕ ਮੈਸੇਜ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਵੀ ਮਿਲਿਆ ਸੀ।"
ਪਿਛਲੇ ਹਫ਼ਤੇ, ਫੇਸਬੁੱਕ ਦੀ ਮਾਲਕੀਅਤ ਵਾਲੀ ਵਟਸਐਪ ਨੇ ਦੋਸ਼ ਲਾਇਆ ਕਿ ਇਜ਼ਰਾਇਲ ਦੀ ਸਾਇਬਰ ਸਿਕਿਓਰਿਟੀ ਕੰਪਨੀ ਐਨਐਸਓ (NSO) ਨੇ ਸਪਾਈਵੇਅਰ ਪੇਗਾਸਸ ਫੈਲਾਉਣ ਲਈ ਇਕ ਵਟਸਐਪ ਸਰਵਰ ਦੀ ਵਰਤੋਂ ਕੀਤੀ ਸੀ।
ਇਸ ਵਿਚ 20 ਦੇਸ਼ਾਂ ਦੇ ਲਗਭਗ 1400 ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਨ੍ਹਾਂ ਦੇ ਫ਼ੋਨ ਹੈਕ ਕੀਤੇ ਗਏ ਸਨ। ਭਾਰਤ ਦੇ ਲਗਭਗ 2 ਦਰਜਨ ਤੋਂ ਵੱਧ ਆਮ ਚੋਣਾਂ ਤੋਂ ਪਹਿਲਾਂ ਅਪ੍ਰੈਲ ਵਿੱਚ ਦੋ ਹਫ਼ਤਿਆਂ ਤੱਕ ਜਾਸੂਸੀ ਕੀਤੀ ਗਈ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਪੱਤਰਕਾਰ, ਕਾਰਕੁੰਨ, ਵਕੀਲ ਤੇ ਸੀਨੀਅਰ ਸਰਕਾਰੀ ਅਧਿਕਾਰੀ ਸ਼ਾਮਲ ਹਨ। ਫੇਸਬੁੱਕ ਨੇ NSO ਉੱਤੇ ਮੁਕਦਮਾ ਕਰ ਦਿੱਤਾ ਹੈ। ਹਾਲਾਂਕਿ, ਐਨਐਸਓ ਦਾ ਦਾਅਵਾ ਹੈ ਕਿ ਉਹ ਆਪਣੇ ਉਤਪਾਦਾਂ ਦਾ ਲਾਈਸੈਂਸ ਸਿਰਫ਼ "ਜਾਇਜ਼ ਸਰਕਾਰੀ ਏਜੰਸੀਆਂ" ਨੂੰ ਹੀ ਦਿੰਦੀ ਹੈ।