ਲਖਨਊ: ਪੱਛਮੀ ਉੱਤਰ ਪ੍ਰਦੇਸ਼ ਦੀਆਂ ਪੰਜ ਜੇਲ੍ਹਾਂ ਵਿੱਚ 500 ਤੋਂ ਵੱਧ ਕੈਦੀਆਂ ਨੇ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ 2.3 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ।
ਕੈਦੀਆਂ ਨੇ ਜੇਲ੍ਹਾਂ ਵਿੱਚ ਤਰਖਾਣ, ਟੇਲਰਿੰਗ, ਬੁਣਾਈ ਆਦਿ ਦਾ ਕੰਮ ਕਰਕੇ ਇਹ ਪੈਸੇ ਕਮਾਏ ਸੀ। ਇਹ ਕੈਦੀ ਮੇਰਠ, ਮੁਜ਼ੱਫ਼ਰਨਗਰ, ਬੁਲੰਦਸ਼ਹਿਰ, ਗਾਜ਼ੀਆਬਾਦ ਅਤੇ ਬਾਗਪਤ ਦੀਆਂ ਜੇਲ੍ਹਾਂ ਵਿੱਚੋਂ ਹਨ।
ਡਾਇਰੈਕਟਰ ਜਨਰਲ (ਜੇਲ੍ਹ ਪ੍ਰਸ਼ਾਸਨ ਅਤੇ ਸੁਧਾਰ ਸੇਵਾਵਾਂ) ਆਨੰਦ ਕੁਮਾਰ ਨੇ ਕਿਹਾ, “ਇਹ ਯੋਗਦਾਨ ਮਹਾਂਮਾਰੀ ਨਾਲ ਲੜਨ ਵਿੱਚ ਸਰਕਾਰ ਦੀ ਮਦਦ ਕਰਨ ਦੇ ਉਨ੍ਹਾਂ ਦੇ ਦ੍ਰਿੜ ਸੰਕੇਤ ਨੂੰ ਦਰਸਾਉਂਦਾ ਹੈ। ਕੈਦੀ ਜੋ ਤਨਖ਼ਾਹ ਲੈਂਦੇ ਹਨ, ਉਹ ਜੇਲ੍ਹ ਦੀ ਕੰਟੀਨ ਵਿੱਚੋਂ ਚੀਜ਼ਾਂ ਖਰੀਦਣ ਲਈ ਵਰਤਦੇ ਹਨ, ਪਰ ਉਨ੍ਹਾਂ ਨੇ ਇਹ ਪੈਸਾ ਸਰਕਾਰੀ ਫੰਡ ਵਿੱਚ ਦੇਣ ਦਾ ਫ਼ੈਸਲਾ ਲਿਆ ਹੈ।"
ਇਸ ਯੋਗਦਾਨ ਲਈ ਗਾਜ਼ੀਆਬਾਦ ਦੇ ਕੈਦੀਆਂ ਨੇ 84,600 ਰੁਪਏ , ਮੇਰਠ ਦੇ ਕੈਦੀਆਂ ਨੇ 81,700 ਰੁਪਏ ਅਤੇ ਮੁਜ਼ੱਫਰਨਗਰ ਦੇ ਕੈਦੀਆਂ ਨੇ 28,000 ਰੁਪਏ ਇਕੱਠੇ ਕੀਤੇ ਹਨ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੀਆਂ ਤਕਰੀਬਨ ਸਾਰੀਆਂ ਜੇਲ੍ਹਾਂ ਵਿੱਚ ਕੈਦੀ ਪਹਿਲਾਂ ਹੀ ਕਿਫਾਇਤੀ, ਉੱਚ-ਗੁਣਵੱਤਾ ਵਾਲੇ, ਸੁਰੱਖਿਆ ਮਾਸਕ ਬਣਾ ਰਹੇ ਹਨ। ਇੱਕ ਮਹੀਨੇ ਵਿੱਚ ਕੈਦੀਆਂ ਵੱਲੋਂ 5 ਲੱਖ ਤੋਂ ਜ਼ਿਆਦਾ ਮਾਸਕ ਤਿਆਰ ਕੀਤੇ ਗਏ ਹਨ। ਕੁੱਝ ਜੇਲ੍ਹਾਂ ਨੇ ਸਿਹਤ ਕਰਮਚਾਰੀਆਂ ਲਈ ਨਿੱਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟਾਂ ਬਣਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।