ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਐਤਵਾਰ ਰਾਤ ਨੂੰ ਤਿੰਨ ਦੇਸ਼ਾਂ ਆਈਸਲੈਂਡ, ਸਵਿਟਜ਼ਰਲੈਂਡ ਅਤੇ ਸਲੋਵੇਨੀਆ ਦਾ ਦੌਰਾ ਕਰਨ ਲਈ ਰਵਾਨਾ ਹੋ ਗਏ। ਰਾਸ਼ਟਰਪਤੀ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸੀਨੀਅਰ ਲੀਡਰਾਂ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, "ਰਾਸ਼ਟਰਪਤੀ ਰਾਮਨਾਥ ਕੋਵਿੰਦ ਆਈਸਲੈਂਡ, ਸਵਿਟਜ਼ਰਲੈਂਡ ਅਤੇ ਸਲੋਵੇਨੀਆ ਦੇ ਨਾਲ ਭਾਰਤ ਦੇ ਸਹਿਯੋਗ ਨੂੰ ਬਣਾਈ ਰੱਖਣ ਅਤੇ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਉੱਚ ਪੱਧਰੀ ਵਫ਼ਦ ਨਾਲ ਰਵਾਨਾ ਹੋਏ ਹਨ।"
ਰਾਸ਼ਟਰਪਤੀ ਰਾਮਨਾਥ ਕੋਵਿੰਦ 9 ਤੋਂ 11 ਸਤੰਬਰ ਤੱਕ ਆਈਸਲੈਂਡ ਵਿੱਚ ਰਹਿਣਗੇ। ਇਸ ਤੋਂ ਬਾਅਦ ਉਹ ਸਵਿਟਜ਼ਰਲੈਂਡ ਜਾਣਗੇ। 15 ਸਤੰਬਰ ਨੂੰ ਉਹ ਸਲੋਵੇਨੀਆ ਪਹੁੰਚਣਗੇ। ਰਾਸ਼ਟਰਪਤੀ 17 ਸਤੰਬਰ ਨੂੰ ਵਤਨ ਵਾਪਸੀ ਕਰਨਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਪਾਕਿਸਤਾਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਹਵਾਈ ਜਹਾਜ਼ ਨੂੰ ਉਸ ਦੇ ਹਵਾਈ ਖੇਤਰ ਤੋਂ ਉੱਡਣ ਦੀ ਇਜਾਜ਼ਤ ਦੇਣ ਲਈ ਬੇਨਤੀ ਨੂੰ ਠੁਕਰਾ ਦਿੱਤਾ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਇਸਲਾਮਾਬਾਦ ਨੇ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਨਵੀਂ ਦਿੱਲੀ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ।
ਕੁਰੈਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਦੀ ਬੇਨਤੀ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਪਾਕਿਸਤਾਨ ਨੂੰ ਇਹ ਫੈਸਲਾ ਲੈਣਾ ਪਿਆ ਕਿਉਂਕਿ ਭਾਰਤ ਨੇ ਕਸ਼ਮੀਰ ਬਾਰੇ ਹਮਲਾਵਰਤਾ ਦਿਖਾਈ ਹੈ। ਕੁਰੈਸ਼ੀ ਨੇ ਕਿਹਾ ਕਿ ਕਸ਼ਮੀਰ ਵਿੱਚ ਭਾਰਤ ਵੱਲੋਂ ਕੀਤੀ ਗਈ ‘ਭੰਨ-ਤੋੜ’ ਇੱਕ ਗੰਭੀਰ ਮੁੱਦਾ ਹੈ, ਜਿਸ ਨੂੰ ਉਹ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਕੋਲ ਲੈ ਕੇ ਜਾਣਗੇ।