ਗੁਵਹਾਟੀ: ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਵੱਲੋਂ ਕੀਤੀ ਫਾਇਰਿੰਗ ਵਿੱਚ 3 ਵਿਅਕਤੀਆਂ ਦੀ ਵੀਰਵਾਰ ਨੂੰ ਮੌਤ ਹੋ ਗਈ ਹੈ। ਗੁਵਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਅਧਿਕਾਰੀ ਮੁਤਾਬਕ ਇੱਕ ਵਿਅਕਤੀ ਨੂੰ ਮ੍ਰਿਤਕ ਲਿਆਂਦਾ ਗਿਆ ਸੀ।
ਅਧਿਕਾਰੀ ਹਾਲਾਂਕਿ ਮ੍ਰਿਤਕਾਂ ਦੇ ਨਾਂਅ ਜ਼ਾਹਰ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਉਸ ਦੀ ਪਛਾਣ ਨਹੀਂ ਹੋ ਸਕੀ। ਨਾਗਰਿਕਤਾ ਸੋਧ ਬਿਲ ਵਿਰੁੱਧ ਕਰਫਿਊ ਦੀ ਉਲੰਘਣਾ ਕਰਦਿਆਂ ਹਜ਼ਾਰਾਂ ਲੋਕ ਅਸਮ ਵਿੱਚ ਸੜਕਾਂ 'ਤੇ ਉਤਰ ਆਏ ਤੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਵੀ ਹੋਈ।
ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ਤੋਂ ਤ੍ਰਿਪੁਰਾ 'ਚ ਹਿੰਸਕ ਘਟਨਾਵਾਂ ਦੇ ਚੱਲਦਿਆਂ 3 ਲੋਕਾਂ ਦੀ ਮੌਤ ਤੇ ਤਕਰੀਬਨ 14 ਲੋਕ ਜ਼ਖਮੀ ਹੋਏ ਹਨ। ਮੁਜ਼ਾਹਰਿਆਂ ਤੇ ਹਿੰਸਕ ਘਟਨਾਵਾਂ ਮਗਰੋਂ ਅਸਮ ਦੇ 10 ਜ਼ਿਲ੍ਹਿਆਂ 'ਚ ਕਰਫਿਊ ਲਾ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀ ਕਰਫਿਊ ਦੀ ਉਲੰਘਣਾ ਕਰਕੇ ਗੁਵਹਾਟੀ ਦੀਆਂ ਸੜਕਾਂ ’ਤੇ ਜਮ੍ਹਾ ਹਨ।
ਉਧਰ ਤਣਾਅ ਨੂੰ ਦੇਖਦਿਆਂ ਤ੍ਰਿਪੁਰਾ ’ਚ ਫ਼ੌਜ ਤਾਇਨਾਤ ਕਰ ਦਿੱਤੀ ਗਈ ਹੈ ਜਦਕਿ ਅਸਮ ਦੇ ਬੌਂਗਾਈਗਾਉਂ ਤੇ ਡਿਬਰੂਗੜ੍ਹ ’ਚ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਫ਼ੌਜ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਉਧਰ ਰੇਲਵੇ ਨੇ ਅਸਾਮ ਤੇ ਤ੍ਰਿਪੁਰਾ ਨੂੰ ਜਾਣ ਵਾਲਿਆਂ ਸਾਰੀਆਂ ਰੇਲ ਗੱਡੀਆਂ ਤੇ ਰੋਕ ਲਾ ਦਿੱਤੀ ਹੈ। ਇਸ ਦੇ ਚੱਲਦਿਆਂ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਨਿੱਜੀ ਹਵਾਈ ਕੰਪਨੀਆਂ ਨੇ ਡਿਬਰੂਗੜ੍ਹ ਨੂੰ ਆਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ।