ਹਾਉਸਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਨ੍ਹੀਂ ਦਿਨੀਂ ਅਮਰੀਕਾ ਦੀ ਯਾਤਰਾ ਉੱਤੇ ਗਏ ਹੋਏ ਹਨ। ਪ੍ਰਧਾਨ ਮੰਤਰੀ ਨੇ ਪਾਕਿਸਤਾਨ ਵਿਰੁੱਧ ਇੱਕ ਵਾਰ ਫਿਰ ਤੋਂ ਸਖ਼ਤ ਰਵੱਈਆ ਵਿਖਾਇਆ ਹੈ। ਅਮਰੀਕਾ ਦੇ ਹਾਉਸਟਨ ਵਿੱਚ ਹਾਊਡੀ ਮੋਦੀ ਦੌਰਾਨ ਪੀਐਮ ਮੋਦੀ ਨੇ ਅੱਤਵਾਦ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਮੋਦੀ ਨੇ ਕਿਹਾ ਕਿ ਇਸ ਲੜਾਈ ਵਿੱਚ ਅਮਰੀਕਾ ਵੀ ਨਾਲ ਹੈ।
ਭਾਰਤੀ ਸਮੇਂ ਮੁਤਾਬਕ ਐਤਵਾਰ ਦੇਰ ਰਾਤ ਮੋਦੀ ਨੇ ਹਾਉਸਟਨ ਵਿੱਚ ਹਾਉਡੀ ਮੋਦੀ ਸਮਾਗਮ ਨੂੰ ਸੰਬੋਧਨ ਕੀਤਾ। ਭਾਰਤੀ ਮੂਲ ਦੇ ਲੋਕਾਂ ਨਾਲ ਭਰੇ ਐਨਆਰਜੀ ਸਟੇਡਿਅਮ ਵਿੱਚ ਪੀਐਮ ਮੋਦੀ ਨੇ ਪਾਕਿਸਤਾਨ ਦਾ ਨਾਂਅ ਲਏ ਬਿਨਾਂ, ਪਾਕਿ ਨੂੰ ਅਮਰੀਕਾ ਵਿੱਚ 9/11 ਤੋਂ ਲੈ ਕੇ ਮੁੰਬਈ ਦੇ 26/11 ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਅਲਕਾਇਦਾ ਨੇ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਨੂੰ ਸਾਲ 2001 ਵਿੱਚ ਨਿਸ਼ਾਨਾ ਬਣਾਇਆ ਸੀ। ਇਸ ਤੋਂ ਬਾਅਦ ਸਾਲ 2008 ਵਿੱਚ ਭਾਰਤ ਦੀ ਆਰਥਿਕ ਰਾਜਧਾਨੀ ਕਹੀ ਜਾਣ ਵਾਲੀ ਮੁੰਬਈ ਵਿੱਚ ਅੱਤਵਾਦੀ ਹਮਲੇ ਹੋਏ ਸਨ ਜਿਸ ਦੀ ਜ਼ਿੰਮੇਦਾਰੀ ਇੱਕ ਹੋਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਯਬਾ ਨੇ ਲਈ ਸੀ।
Howdy Modi: ਪੀਐਮ ਮੋਦੀ ਨੇ ਟਰੰਪ ਨੂੰ ਪਰਿਵਾਰ ਨਾਲ ਭਾਰਤ ਆਉਣ ਦਾ ਦਿੱਤਾ ਸੱਦਾ
ਹਾਉਡੀ ਮੋਦੀ ਸਮਾਗਮ ਨੂੰ ਟਰੰਪ ਨੇ ਦੱਸਿਆ ਕਿ ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਕਿਹਾ ਕਿ ਅਮਰੀਕਾ ਭਾਰਤ ਨਾਲ ਪਿਆਰ ਕਰਦਾ ਹੈ। ਇਸ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ, 'ਰਾਸ਼ਟਰਪਤੀ ਟਰੰਪ ਮੈਂ ਚਾਹੁੰਦਾ ਹਾਂ ਕਿ ਤੁਸੀ ਆਪਣੇ ਪਰਿਵਾਰ ਨਾਲ ਭਾਰਤ ਆਉ। ਸਾਡੀ ਦੋਸਤੀ ਸਾਡੇ ਸਾਂਝੇ ਸੁਪਨਿਆਂ ਅਤੇ ਸਾਡੇ ਦੇਸ਼ ਦੇ ਭਵਿੱਖ ਨੂੰ ਉੱਚਾਈਆਂ ਤੱਕ ਲੈ ਜਾਵੇਗੀ।'
ਇਹ ਵੀ ਪੜ੍ਹੋ: ਹਿੰਦੀ ਨੂੰ ਲੈ ਕੇ ਮੋਦੀ ਅਤੇ ਅਮਿਤ ਸ਼ਾਹ ਹੋਏ ਅਲੱਗ-ਅਲੱਗ
ਟਰੰਪ ਅਗਲੇ ਮਹੀਨੇ ਆ ਸਕਦੇ ਹਨ ਭਾਰਤ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਮਹੀਨੇ ਭਾਰਤ ਆ ਸਕਦੇ ਹਨ। ਹਾਉਸਟਨ ਵਿੱਚ ਹਾਉਡੀ ਮੋਦੀ ਸਮਾਗਮ ਦੌਰਾਨ ਟਰੰਪ ਨੇ ਪੀਐਮ ਮੋਦੀ ਕੋਲ ਆਪਣੀ ਇੱਛਾ ਜ਼ਾਹਰ ਕੀਤੀ। ਪੀਐਮ ਮੋਦੀ ਨੇ ਟਰੰਪ ਨੂੰ ਪਰਿਵਾਰ ਸਣੇ ਭਾਰਤ ਆਉਣ ਦਾ ਸੱਦਾ ਦਿੱਤਾ।