ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਸਰਬ ਪਾਰਟੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਟਿਪਣੀਆਂ ਦੇ ਵਿਵਾਦ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਬਿਆਨ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ, "ਪ੍ਰਧਾਨ ਮੰਤਰੀ ਨੂੰ ਆਪਣੇ ਸ਼ਬਦਾਂ ਦੇ ਪ੍ਰਭਾਵ ਉੱਤੇ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ।"
ਗਲਵਾਨ ਘਾਟੀ ਦੇ ਤਾਜ਼ਾ ਘਟਨਾਕ੍ਰਮ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਕਿਹਾ ਹੈ, "ਅਸੀਂ ਕਰਨਲ ਬੀ ਸੰਤੋਸ਼ ਬਾਬੂ ਅਤੇ ਸਾਡੇ ਜਵਾਨਾਂ ਲਈ ਨਿਆਂ ਨੂੰ ਯਕੀਨੀ ਬਣਾਉਣ ਦੀ ਮੰਗ ਕਰਦੇ ਹਾਂ।"
ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਅਤੇ ਸਰਕਾਰ ਨੂੰ ਇਨਸਾਫ ਦਿਵਾਉਣ ਦਾ ਸੱਦਾ ਦਿੰਦਿਆਂ ਲਿਖਿਆ ਹੈ ਕਿ ਸੈਨਿਕਾਂ ਨੇ ਮਹਾਨ ਕੁਰਬਾਨੀ ਦਿੱਤੀ ਹੈ ਅਤੇ ਸਾਡੀ ਖੇਤਰੀ ਅਖੰਡਤਾ ਦਾ ਪੂਰੀ ਤਰ੍ਹਾਂ ਬਚਾਅ ਕੀਤਾ ਹੈ।
ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਜਵਾਨਾਂ ਨੂੰ ਇਨਸਾਫ ਦਵਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ, ਲੋਕਾਂ ਨਾਲ ਇਤਿਹਾਸਕ ਧੋਖਾ ਹੋਵੇਗਾ।
ਉਨ੍ਹਾਂ ਕਿਹਾ, "ਇਸ ਸਮੇਂ ਅਸੀਂ ਇਤਿਹਾਸਕ ਰਸਤੇ 'ਤੇ ਖੜੇ ਹਾਂ। ਸਾਡੀ ਸਰਕਾਰ ਦੇ ਫੈਸਲਿਆਂ ਅਤੇ ਕਾਰਜਾਂ 'ਤੇ ਇਸ ਗੱਲ ਦਾ ਗੰਭੀਰ ਅਸਰ ਪਵੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਿਸ ਤਰ੍ਹਾਂ ਦਰਸਾਉਂਦੀਆਂ ਹਨ। ਜੋ ਸਾਡੀ ਅਗਵਾਈ ਕਰਦੇ ਹਨ ਉਹ ਇਕ ਗੰਭੀਰ ਫਰਜ਼ ਦਾ ਭਾਰ ਸਹਿਣ ਕਰਦੇ ਹਨ।"
ਮਨਮੋਹਨ ਸਿੰਘ ਨੇ ਕਿਹਾ ਕਿ ਚੀਨ ਗੈਰ ਕਾਨੂੰਨੀ ਢੰਗ ਨਾਲ ਅਪ੍ਰੈਲ ਤੋਂ ਹੀ ਕਈ ਇਲਾਕਿਆਂ ਵਿੱਚ ਘੁਸਪੈਠ ਕਰਕੇ ਗਲਵਾਨ ਘਾਟੀ ਅਤੇ ਪੈਨਗੋਂਗ ਤਸੋ ਝੀਲ ਜਿਹੇ ਭਾਰਤੀ ਖੇਤਰ ਦੇ ਹਿੱਸੇ ਉੱਤੇ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।