ਨਵੀਂ ਦਿੱਲੀ: ਸੰਸਦ ਵਿੱਚ ਬਜਟ ਸੈਸ਼ਨ ਦਾ ਅੱਜ 6ਵਾਂ ਦਿਨ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਸੰਸਦ ਵਿੱਚ ਪੇਸ਼ ਧੰਨਵਾਦ ਪ੍ਰਸਤਾਵ ਉੱਤੇ ਜਵਾਬ ਦਿੱਤਾ ਅਤੇ ਵਿਰੋਧੀਆਂ ਉੱਤੇ ਨਿਸ਼ਾਨੇ ਵਿੰਨ੍ਹੇ।
ਇਸ ਦੌਰਾਨ ਪੀਐਮ ਮੋਦੀ ਨੇ ਕਿਹਾ, "ਜੇ ਕਾਂਗਰਸ ਦੇ ਰਸਤੇ ਉੱਤੇ ਚੱਲਦੇ, ਜਿਸ ਦੀ ਤੁਹਾਨੂੰ ਆਦਤ ਹੋ ਗਈ ਸੀ, ਤਾਂ ਕਰਤਾਰਪੁਰ ਲਾਂਘਾ ਕਦੇ ਨਾ ਬਣਦਾ।" ਜ਼ਿਕਰਯੋਗ ਹੈ ਕਿ 9 ਨਵੰਬਰ 2019 ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਗਿਆ ਸੀ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਬਾਬਾ ਨਾਨਕ ਵਿਖੇ ਕੀਤਾ ਸੀ।
ਕਾਂਗਰਸ ਦੇ ਕੰਮਕਾਜ ਉੱਤੇ ਚੁੱਕੇ ਸਵਾਲ
ਪੀਐਮ ਮੋਦੀ ਨੇ ਕਿਹਾ ਕਿ ਅੱਜ ਦੁਨੀਆਂ ਭਾਰਤ ਤੋਂ ਉਮੀਦ ਕਰਦੀ ਹੈ। ਜੇ ਅਸੀਂ ਚੁਣੌਤੀਆਂ ਦਾ ਸਾਹਮਣਾ ਨਾ ਕਰੀਏ, ਤਾਂ ਸ਼ਾਇਦ ਦੇਸ਼ ਨੂੰ ਲੰਬੇ ਅਰਸੇ ਤੱਕ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਜੇ ਉਹ ਕਾਂਗਰਸ ਦੇ ਰਸਤੇ 'ਤੇ ਚੱਲਦੇ ਤਾਂ 50 ਸਾਲਾਂ ਬਾਅਦ ਵੀ ਦੁਸ਼ਮਣ ਦੀ ਜਾਇਦਾਦ ਦੀ ਉਡੀਕ ਕਰਨੀ ਪੈਣੀ ਸੀ। 28 ਸਾਲਾਂ ਬਾਅਦ ਵੀ, ਬੇਨਾਮੀ ਜਾਇਦਾਦ ਦੇ ਕਾਨੂੰਨ ਦਾ ਇੰਤਜ਼ਾਰ ਖਤਮ ਨਾਂ ਹੁੰਦਾ।