ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪਾਕਿਸਤਾਨ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਭਾਰਤ ਨਾਲ ਜੰਗ ਨਹੀਂ ਜਿੱਤ ਸਕਦਾ, ਇਸ ਲਈ ਭਾਰਤ ਦੀ ਏਕਤਾ ਨੂੰ ਚੁਣੌਤੀ ਦੇ ਰਿਹਾ ਹੈ।
ਪਾਕਿਸਤਾਨ ਦਾ ਨਾਂਅ ਲਏ ਬਿਨਾਂ ਪੀਐਮ ਮੋਦੀ ਨੇ ਕਿਹਾ, "ਅੱਜ ਰਾਸ਼ਟਰੀ ਏਕਤਾ ਦਿਹਾੜੇ ਮੌਕੇ ਮੈਂ ਦੇਸ਼ ਦੇ ਸਾਹਮਣੇ ਮੌਜੂਦ ਇਸ ਚੁਣੌਤੀ ਨੂੰ ਹਰ ਨਾਗਰਿਕ ਨੂੰ ਯਾਦ ਕਰਵਾ ਰਿਹਾ ਹਾਂ। ਜੋ ਸਾਡੇ ਨਾਲ ਜੰਗ ਵਿੱਚ ਨਹੀਂ ਜਿੱਤ ਸਕਦੇ ਉਹ ਸਾਡੀ ਏਕਤਾ ਨੂੰ ਚੁਣੌਤੀ ਦੇ ਰਹੇ ਹਨ।"
ਪ੍ਰਧਾਨ ਮੰਤਰੀ ਨੇ ਸਰਦਾਰ ਵੱਲਭ ਭਾਈ ਪਟੇਲ ਦੀ 144ਵੀਂ ਜੈਯੰਤੀ ਮੌਕੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ," ਹਾਲਾਂਕਿ ਉਹ ਭੁੱਲ ਜਾਂਦੇ ਹਨ ਕਿ ਸਦੀਆਂ ਤੋਂ ਅਜਿਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਵੀ ਸਾਨੂੰ ਮਿਟਾ ਨਹੀਂ ਸਕਿਆ ਸੀ, ਸਾਡੀ ਏਕਤਾ ਨੂੰ ਨਹੀਂ ਹਰਾ ਸਕਿਆ ਸੀ।"
ਸਰਦਾਰ ਪਟੇਲ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਦੇ ਆਸ਼ੀਰਵਾਦ ਨਾਲ ਦੇਸ਼ ਨੇ ਕੁਝ ਹਫ਼ਤੇ ਪਹਿਲਾਂ ਇਨ੍ਹਾਂ ਤਾਕਤਾਂ ਨੂੰ ਹਰਾਉਣ ਲਈ ਇੱਕ ਵੱਡਾ ਫੈਸਲਾ ਲਿਆ ਹੈ। ਧਾਰਾ 370 ਨੇ ਜੰਮੂ-ਕਸ਼ਮੀਰ ਨੂੰ ਵੱਖਵਾਦ ਅਤੇ ਅੱਤਵਾਦ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ 5 ਅਗਸਤ ਨੂੰ ਸੰਸਦ ਰਾਹੀਂ ਧਾਰਾ 370 ਨੂੰ ਹਟਾ ਦਿੱਤਾ ਅਤੇ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲੈ ਲਿਆ ਸੀ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡ ਦਿੱਤਾ। ਇਹ ਫੈਸਲਾ 31 ਅਕਤੂਬਰ ਤੋਂ ਲਾਗੂ ਹੋ ਗਿਆ ਹੈ।
ਸਰਦਾਰ ਪਟੇਲ ਦੇ ਭਾਰਤ ਨੂੰ ਇਕਜੁੱਟ ਕਰਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਇਹ ਵੱਡਾ ਫੈਸਲਾ ਉਨ੍ਹਾਂ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਜੇ ਪਟੇਲ ਨੂੰ ਇਸ ਮਾਮਲੇ ਨਾਲ ਨਜਿੱਠਣ ਦੀ ਇਜਾਜ਼ਤ ਦਿੱਤੀ ਜਾਂਦੀ ਤਾਂ ਕਸ਼ਮੀਰ ਮਸਲੇ ਦੇ ਹੱਲ ਵਿੱਚ ਇੰਨਾ ਸਮਾਂ ਨਹੀਂ ਲੱਗਣਾ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਸਰਦਾਰ ਪਟੇਲ ਨੇ ਇਕ ਵਾਰ ਕਿਹਾ ਸੀ ਕਿ ਜੇ ਕਸ਼ਮੀਰ ਦਾ ਮਸਲਾ ਉਨ੍ਹਾਂ ਕੋਲ ਰਿਹਾ ਤਾਂ ਇਸ ਨੂੰ ਸੁਲਝਾਉਣ ਵਿਚ ਇੰਨਾ ਸਮਾਂ ਨਹੀਂ ਲੱਗਦਾ। ਅੱਜ ਉਨ੍ਹਾਂ ਦੇ ਜਨਮ ਦਿਵਸ ਮੌਕੇ ਮੈਂ ਧਾਰਾ 370 ਹਟਾਉਣ ਦੇ ਫੈਸਲੇ ਨੂੰ ਸਰਦਾਰ ਸਾਹਿਬ ਨੂੰ ਸਮਰਪਿਤ ਕਰਦਾ ਹਾਂ। "