ਗਾਜ਼ੀਆਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ 50ਵੇਂ ਸਥਾਪਨਾ ਦਿਵਸ 'ਚ ਮੁੱਖ ਮਿਹਮਾਨ ਦੇ ਤੌਰ 'ਤੇ ਸ਼ਾਮਲ ਹੋਏ। CISF ਦੇ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਪਹਿਲੀ ਵਾਰ ਸ਼ਾਮਲ ਹੋਏ ਹਨ।
CISF ਦਾ ਪ੍ਰੋਗਰਾਮ ਗਾਜ਼ੀਆਬਾਦ ਦੇ ਇੰਦਰਾਪੁਰਮ 'ਚ ਪੰਜਵੇਂ ਬਟਾਲੀਅਨ ਕੈਂਪ 'ਚ ਕਰਵਾਇਆ ਗਿਆ। ਇੱਥੇ ਪ੍ਰਧਾਨ ਮੰਤਰੀ ਨੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਨੇ ਪਰੇਡ ਦੀ ਸਲਾਮੀ ਵੀ ਲਈ। ਇਸ ਤੋਂ ਬਾਅਦ ਮੋਦੀ ਨੇ ਸਮਾਰੋਹ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਜ਼ਾਦ ਭਾਰਤ ਦੇ ਸੁਫ਼ਨੇ ਸਾਕਾਰ ਕਰਨ ਵਿੱਚ CISF ਦੀ ਭੂਮਿਕਾ ਬੇਹੱਦ ਅਹਿਮ ਹੈ। ਮੋਦੀ ਨੇ ਗੋਲਡਨ ਜੁਬਲੀ ਦੇ ਇਸ ਅਹਿਮ ਮੌਕੇ ਉੱਤੇ ਪੁੱਜਣ ਲਈ ਇਸ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਇਸ ਬਲ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਇਹ 50 ਵਰ੍ਹੇ ਬੇਹੱਦ ਸ਼ਲਾਘਾਯੋਗ ਹਨ।
ਮੋਦੀ ਨੇ ਕਿਹਾ ਕਿ ਜੇ ਆਮ ਨਾਗਰਿਕ ਸਹਿਯੋਗ ਨਾ ਦੇਣ, ਤਾਂ ਤੁਹਾਡਾ ਕੰਮ ਹੋਰ ਵੀ ਔਖਾ ਹੋ ਜਾਂਦਾ ਹੈ, ਇਸ ਲਈ ਨਾਗਰਿਕਾਂ ਨੂੰ ਸਿਖਲਾਈ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਵਾਈ ਅੱਡਿਆਂ ਤੇ ਮੈਟਰੋ ਰੇਲਾਂ ਨੂੰ ਸੁਰੱਖਿਆ CISF ਦੀ ਸਮਰਪਣ ਦੀ ਭਾਵਨਾ ਕਾਰਨ ਹੀ ਸੰਭਵ ਹੋ ਸਕੀ ਹੈ।