ਨਵੀਂ ਦਿੱਲੀ: ਰੇਲਵੇ ਨੇ 12 ਮਈ ਤੋਂ ਦਿੱਲੀ ਅਤੇ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦਰਮਿਆਨ 15 ਰੇਲ ਗੱਡੀਆਂ ਲਈ ਆਪਣੀ ਯਾਤਰੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। 12 ਤਰੀਕ ਬੁੱਧਵਾਰ ਨੂੰ ਹੀ 9 ਟ੍ਰੇਨਾਂ 'ਤੇ 9,000 ਤੋਂ ਵੱਧ ਲੋਕ ਰਾਸ਼ਟਰੀ ਰਾਜਧਾਨੀ ਤੋਂ ਰਵਾਨਾ ਹੋਏ।
ਮੀਡੀਆ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਦਿੱਲੀ ਤੋਂ 9 ਰੇਲ ਗੱਡੀਆਂ ਵਿੱਚੋਂ 8 ਜੋ ਹਾਵੜਾ, ਜੰਮੂ, ਤਿਰੂਵਨੰਤਪੁਰਮ, ਚੇਨਈ, ਡਿਬਰੂਗੜ, ਮੁੰਬਈ, ਰਾਂਚੀ ਅਤੇ ਅਹਿਮਦਾਬਾਦ ਲਈ ਰਵਾਨਾ ਹੋਈਆਂ, ਉਨ੍ਹਾਂ ਦੀ ਸਮਰੱਥਾ ਤੋਂ ਵੱਧ ਬੁਕਿੰਗ ਹੋਈ।
ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਬਿਹਾਰ ਦੀ ਰਾਜਧਾਨੀ ਪਟਨਾ ਜਾਣ ਵਾਲੀ ਇੱਕ ਹੀ ਰੇਲ ਅਜਿਹੀ ਸੀ ਜੋ 87 ਫ਼ੀਸਦੀ ਸਮਰੱਥਾ ਨਾਲ ਚੱਲੀ, ਬਾਕੀ ਸਾਰੀਆਂ ਰੇਲਾਂ 100 ਫ਼ੀਸਦੀ ਤੋਂ ਵੱਧ ਸਮਰੱਥਾ ਨਾਲ ਚੱਲੀਆਂ।
ਇਹ ਵੀ ਪੜ੍ਹੋ: ਕੋਵਿਡ-19: ਪੰਜਾਬ 'ਚ 1,924 ਹੋਈ ਕੋਰੋਨਾ ਪੀੜਤਾਂ ਦੀ ਗਿਣਤੀ, 32 ਮੌਤਾਂ
ਅਧਿਕਾਰਤ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਬੁੱਧਵਾਰ ਤੱਕ 2,08,965 ਯਾਤਰੀਆਂ ਨੇ ਅਗਲੇ 7 ਦਿਨਾਂ ਵਿੱਚ ਯਾਤਰਾ ਲਈ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਲਈ ਟਿਕਟਾਂ ਬੁੱਕ ਕੀਤੀਆਂ ਹਨ।
ਇੱਕ ਅਧਿਕਾਰੀ ਨੇ ਕਿਹਾ ਕਿ ਓਵਰ ਬੁੱਕਿੰਗ ਦਾ ਮਤਲਬ ਇਹ ਨਹੀਂ ਹੈ ਕਿ ਯਾਤਰੀ ਰਸਤੇ ਵਿੱਚ ਖੜ੍ਹ ਕੇ ਸਫ਼ਰ ਕਰ ਰਹੇ ਹਨ। ਇਸ ਦਾ ਸਿੱਧਾ ਅਰਥ ਇਹ ਹੈ ਕਿ ਰੇਲ ਗੱਡੀਆਂ ਦੇ ਚੱਲਣ ਕਾਰਨ ਲੋਕੀ ਸਫ਼ਰ ਕਰਨ ਦੀ ਕਾਹਲੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਰਸਤੇ ਵਿੱਚੋਂ ਸਟੇਸ਼ਨਾਂ 'ਤੇ ਸਵਾਰ ਹੋ ਰਹੇ ਹਨ ਅਤੇ ਕਈ ਉਨ੍ਹਾਂ ਸਟੇਸ਼ਨਾਂ 'ਤੇ ਉੱਤਰਦੇ ਹਨ, ਜਿਸ ਕਾਰਨ ਸਮਰੱਥਾ ਵੱਧ ਹੋਣ ਦੇ ਬਾਵਜੂਦ ਭੀੜ ਨਹੀਂ ਹੁੰਦੀ।