ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦਾ ਉਨਾਵ ਬਲਾਤਕਾਰ ਪੀੜਤ ਤਿੰਨ ਦਿਨ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਹੈ। ਪੀੜਤ ਪਰਿਵਾਰ ਦੇ ਦੋ ਲੋਕਾਂ ਦੀ ਐਤਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੂਜੇ ਪਾਸੇ ਇਸ ਮਾਮਲੇ ਵਿਚ ਹੁਣ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਹੁਣ ਇਸ ਮਾਮਲੇ ਵਿਚ ਇੱਕ ਹੋਰ ਭਾਜਪਾ ਆਗੂ ਦੀ ਸ਼ਮੂਲੀਅਤ ਹੋਣ ਦਾ ਜ਼ਿਕਰ ਆਇਆ ਹੈ। ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਵਿਚ ਬਲਾਤਕਾਰ ਪੀੜਤ ਕੁੜੀ ਦੀ ਕਾਰ ਨੂੰ ਉਲਟ ਦਿਸ਼ਾ ਤੋਂ ਆ ਰਹੇ ਇੱਕ ਟਰੱਕ ਨੇ ਸਾਹਮਣੇ ਤੋਂ ਟੱਕਰ ਮਾਰੀ। ਟਰੱਕ ਦਾ ਨੰਬਰ ਪਲੇਟ ਵੀ ਮਿਟਿਆ ਹੋਇਆ ਸੀ। ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੀੜਤ ਦੇ ਚਾਚੇ ਵੱਲੋਂ ਦਰਜ ਕੀਤੀ ਗਈ ਐਫ਼ਆਈਆਰ ਵਿੱਚ ਬਲਾਤਕਾਰ ਦੇ ਦੋਸ਼ੀ ਵਿਧਾਇਕ ਕੁਲਦੀਪ ਸੇਂਗਰ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਐਫਆਈਆਰ ਵਿੱਚ ਦਰਜ ਮੁਲਜ਼ਮਾਂ ਦੇ ਨਾਵਾਂ ਦੀ ਜਾਂਚ ਕਰਨ ’ਤੇ ਪਤਾ ਲੱਗਿਆ ਹੈ ਕਿ ਇਸ ਹਾਦਸੇ ਵਿੱਚ ਇੱਕ ਹੋਰ ਭਾਜਪਾ ਨੇਤਾ ਸ਼ਾਮਲ ਹੈ।
ਮ੍ਰਿਤਕਾ ਦੇ ਚਾਚੇ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿਚ 'ਦੋਸ਼ੀ ਨੰਬਰ -7' ਅਰੁਣ ਸਿੰਘ ਰੱਖਿਆ ਗਿਆ ਹੈ ਜੋ ਭਾਜਪਾ ਦਾ ਵਰਕਰ ਹੈ ਅਤੇ ਉਨਾਵ 'ਚ ਇੱਕ ਬਲਾਗ ਦਾ ਪ੍ਰਧਾਨ ਹੈ। ਦੋਸ਼ੀ ਅਰੁਣ ਸਿੰਘ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਦਾ ਵੀ ਕਰੀਬੀ ਹੈ। 2019 ਦੀਆਂ ਲੋਕ ਸਭਾ ਚੋਣਾਂ ਦੀ ਮੁਹਿੰਮ ਦੌਰਾਨ ਅਰੁਣ ਸਿੰਘ ਨੂੰ ਉਨਾਵ ਤੋਂ ਅਮਿਤ ਸ਼ਾਹ ਅਤੇ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਵਰਗੇ ਚੋਟੀ ਦੇ ਭਾਜਪਾ ਨੇਤਾਵਾਂ ਨਾਲ ਫੋਟੋ ਅਤੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਉਨਾਵ ਜਬਰ ਜਨਾਹ: ਕਾਂਗਰਸੀ ਔਰਤਾਂ ਨੇ ਮੋਦੀ ਤੇ ਯੋਗੀ ਵਿਰੁੱਧ ਕੀਤੀ ਨਾਅਰੇਬਾਜ਼ੀ
ਅਰੁਣ ਸਿੰਘ ਯੂਪੀ ਮੰਤਰੀ ਰਣਵਿੰਦਰ ਪ੍ਰਤਾਪ ਸਿੰਘ ਉਰਫ ‘ਧੁੰਨੀ ਭਈਆ’ ਦਾ ਜਵਾਈ ਹੈ। ਰਣਵਿੰਦਰ ਪ੍ਰਤਾਪ ਸਿੰਘ ਯੋਗੀ ਸਰਕਾਰ ਵਿੱਚ ਖੇਤੀਬਾੜੀ ਸਿੱਖਿਆ ਰਾਜ ਮੰਤਰੀ ਅਤੇ ਖੇਤੀਬਾੜੀ ਖੋਜ ਮੰਤਰੀ ਹਨ। ਰਣਵਿੰਦਰ ਸਿੰਘ ਫਤਿਹਪੁਰ ਜ਼ਿਲ੍ਹੇ ਦੀ ਇੱਕ ਸੀਟ ਤੋਂ ਭਾਜਪਾ ਵਿਧਾਇਕ ਹਨ। ਦੱਸਣਯੋਗ ਹੈ ਕਿ ਇਹ ਉਹ ਜਗ੍ਹਾ ਹੈ ਜਿੱਥੋਂ ਦੇ ਟਰੱਕ ਮਾਲਕ ਅਤੇ ਡਰਾਈਵਰ ਹਨ। ਸੀਬੀਆਈ ਦੀ ਐਫਆਈਆਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅਰੁਣ ਸਿੰਘ ਅਤੇ ਕੁੱਝ ਹੋਰ ਬਲਾਤਕਾਰ ਪੀੜਤ ਪਰਿਵਾਰ ਨੂੰ ਕੇਸ ਵਾਪਸ ਲੈਣ ਦੀ ਧਮਕੀ ਦੇ ਰਹੇ ਸਨ।