ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਧੀਆਂ ਨੂੰ ਵੀ ਪਿਤਾ ਜਾਂ ਜੱਦੀ ਜਾਇਦਾਦ ਵਿੱਚ ਬਰਾਬਰ ਦਾ ਹਿੱਸੇਦਾਰ ਮੰਨਿਆ ਹੈ। ਜਸਟਿਸ ਅਰੁਣ ਮਿਸ਼ਰਾ ਦੇ ਬੈਂਚ ਦੇ ਫ਼ੈਸਲੇ ਵਿੱਚ ਇਹ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਇਹ ਉਤਰਾਧਿਕਾਰ ਐਕਟ 2005 ਵਿੱਚ ਸੋਧ ਦੀ ਵਿਆਖਿਆ ਹੈ।
ਅਦਾਲਤ ਨੇ ਆਪਣੀ ਅਹਿਮ ਟਿੱਪਣੀ ਵਿੱਚ ਕਿਹਾ, ਧੀਆਂ ਹਮੇਸ਼ਾਂ ਧੀਆਂ ਰਹਿੰਦੀਆਂ ਹਨ। ਪੁੱਤਰ ਤਾਂ ਬੱਸ ਵਿਆਹ ਤੱਕ ਹੀ ਪੁੱਤਰ ਰਹਿੰਦੇ ਹਨ। ਭਾਵ 2005 ਵਿੱਚ ਸੋਧ ਹੋਣ ਤੋਂ ਪਹਿਲਾਂ ਵੀ ਜੇ ਪਿਤਾ ਦੀ ਮੌਤ ਹੋ ਗਈ ਤਾਂ ਧੀਆਂ ਨੂੰ ਪਿਤਾ ਦੀ ਜਾਇਦਾਦ 'ਚ ਪੁੱਤਰ ਜਾਂ ਪੁੱਤਰਾਂ ਦੇ ਬਰਾਬਰ ਹੀ ਹੱਕ ਮਿਲੇਗਾ।
ਸੁਪਰੀਮ ਕੋਰਟ ਨੇ ਆਪਣੇ ਫੈਸਲੇ ਰਾਹੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ 5 ਸਤੰਬਰ 2005 ਨੂੰ ਸੰਸਦ ਨੇ ਅਣਵੰਡੇ ਹਿੰਦੂ ਪਰਿਵਾਰ ਦੇ ਉਤਰਾਧਿਕਾਰੀ ਐਕਟ ਵਿੱਚ ਸੋਧ ਕੀਤੀ ਸੀ। ਇਸ ਦੇ ਜ਼ਰੀਏ ਧੀਆਂ ਨੂੰ ਜੱਦੀ ਜਾਇਦਾਦ ਵਿੱਚ ਬਰਾਬਰ ਦਾ ਹਿੱਸੇਦਾਰ ਸਮਝਿਆ ਗਿਆ। ਅਜਿਹੀ ਸਥਿਤੀ ਵਿੱਚ ਇਹ ਸੋਧ 9 ਸਤੰਬਰ 2005 ਨੂੰ ਲਾਗੂ ਹੋਣ ਤੋਂ ਪਹਿਲਾਂ ਹੀ ਜੇ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਜਾਇਦਾਦ ਨੂੰ ਬਾਅਦ ਵਿੱਚ ਵੰਡਿਆ ਗਿਆ ਹੈ, ਤਾਂ ਹਿੱਸਾ ਧੀਆਂ ਨੂੰ ਦੇਣਾ ਪਏਗਾ।