ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਭਾਰਤ ’ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਹੁਣ 195 ’ਤੇ ਪੁੱਜ ਗਈ ਹੈ। ਭਾਰਤ ’ਚ ਮੌਜੂਦ ਕੋਰੋਨਾ ਵਾਇਰਸ ਦੇ 195 ਮਰੀਜ਼ਾਂ ’ਚੋਂ 32 ਵਿਦੇਸ਼ੀ ਹਨ ਤੇ ਹੁਣ ਤੱਕ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਜੇਕਰ ਦੁਨੀਆ ਭਰ ਵਿੱਚ ਪੀੜਤਾਂ ਦੀ ਗੱਲ ਕਰੀਏ ਤਾਂ ਅੰਕੜੇ ਦਿਲ ਦਹਿਲਾਉਣ ਵਾਲੇ ਹਨ। ਜਾਣਕਾਰੀ ਮੁਤਾਬਕ ਪੀੜਤਾਂ ਦੀ ਗਿਣਤੀ ਢਾਈ ਲੱਖ ਦੇ ਆਂਕੜੇ ਨੂੰ ਛੂਹਣ ਵਾਲੀ ਹੈ ਤੇ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਨੂੰ ਪਾਰ ਕਰ ਗਈ ਹੈ।
ਕੋਰੋਨਾ ਕਾਰਨ ਸੂਬਾ ਸਰਕਾਰਾਂ ਨੇ ਵੀ ਸਫ਼ਾਈ ਮੁਹਿੰਮਾਂ ਛੇੜ ਦਿੱਤੀਆਂ ਹਨ। ਮੈਟਰੋ, ਸਰਕਾਰੀ ਬੱਸਾਂ, ਰੇਲ–ਗੱਡੀਆਂ ਤੇ ਦਫ਼ਤਰਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਕਰਕੇ ਪੰਜਾਬ ਸਮੇਤ ਸਮੁੱਚੇ ਭਾਰਤ ਦੇ ਮਲਟੀਪਲੈਕਸ, ਸਿਨੇਮਾਘਰ, ਵਿਦਿਅਕ ਸੰਸਥਾਵਾਂ, ਜਿੰਮ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ।
ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਹੋਣ ਤੋਂ ਬਾਅਦ ਸੂਬਾ ਸਰਕਾਰ ਨੇ 20 ਮਾਰਚ ਤੋਂ ਸਰਕਾਰੀ ਅਤੇ ਨਿੱਜੀ ਬੱਸਾਂ ਨੂੰ ਬੰਦ ਕਰ ਦਿੱਤਾ ਹੈ। ਇੱਥੋਂ ਤੱਕ ਕਿ ਸੂਬੇ ਵਿੱਚ ਚੱਲਣ ਵਾਲ ਆਟੋ, ਰਿਕਸ਼ਿਆਂ ਅਤੇ ਸਬਜ਼ੀ ਮੰਡੀਆਂ ਤੱਕ ਨੂੰ ਵੀ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਪੰਜਾਬ ਸਰਕਾਰ ਵੱਲੋਂ 5800 ਕੈਦੀਆਂ ਨੂੰ ਵੀ ਜੇਲ੍ਹ ਤੋਂ ਰਿਹਾਅ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਨ੍ਹਾਂ ਵਿੱਚ ਛੋਟੇ ਜੁਰਮ ਵਾਲੇ ਕੈਦੀ ਜਾਂ ਫਿਰ ਜਿਨ੍ਹਾਂ ਕੈਦੀਆਂ ਦੀ ਸਜ਼ਾ ਖ਼ਤਮ ਹੋਣ ਵਾਲੀ ਹੈ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਰਿਹਾਅ ਕੀਤਾ ਜਾਵੇਗਾ।