ਨਵੀਂ ਦਿੱਲੀ: ਨਿਰਭਿਆ ਗੈਂਗਰੇਪ ਮਾਮਲੇ ਦੇ ਦੋਸ਼ੀ ਅਕਸ਼ੈ ਕੁਮਾਰ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੰਦਿਆਂ, ਕਿਊਰੇਟਿਵ ਪਟੀਸ਼ਨ ਨੂੰ ਖ਼ਾਰਿਜ ਕਰ ਦਿੱਤਾ ਹੈ। ਪੰਜ ਜੱਜਾਂ ਦੇ ਬੈਂਚ ਐਨਵੀ ਰਮੰਨਾ, ਜਸਟਿਸ ਅਰੁਣ ਮਿਸ਼ਰਾ, ਜਸਟਿਸ ਰੋਹਿੰਗਟਨ ਫਲੀ ਨਰੀਮਨ, ਜਸਟਿਸ ਆਰ ਭਾਨੂਮਤੀ ਤੇ ਜਸਟਿਸ ਅਸ਼ੋਕ ਭੂਸ਼ਣ ਦੇ ਨੇ ਪਟੀਸ਼ਨ ਖ਼ਾਰਜ ਕਰ ਦਿੱਤੀ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮੁਕੇਸ਼ ਤੇ ਵਿਨੈ ਦੀ ਕਿਊਰੇਟਿਵ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਅਕਸ਼ੈ ਦੀ ਕਿਊਰੇਟਿਵ ਪਟੀਸ਼ਨ ਖ਼ਾਰਿਜ ਹੋਣ ਤੋਂ ਬਾਅਦ, ਹੁਣ ਸਿਰਫ਼ ਇਕ ਦੋਸ਼ੀ ਪਵਨ ਕੋਲ ਕਿਊਰੇਟਿਵ ਪਟੀਸ਼ਨ ਦਰਜ ਕਰਨ ਦਾ ਮੌਕਾ ਹੈ। ਜ਼ਿਕਰਯੋਗ ਹੈ ਕਿ ਨਿਰਭਿਆ ਗੈਂਗਰੇਪ ਤੇ ਕਤਲ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਮੁਲਜ਼ਮਾਂ ਦੇ ਵਕੀਲ ਨੇ 1 ਫਰਵਰੀ ਨੂੰ ਉਸ ਦੀ ਫਾਂਸੀ ਨੂੰ ਮੁਲਤਵੀ ਕਰਨ ਲਈ ਅਦਾਲਤ ਦਾ ਰੁਖ਼ ਕੀਤਾ ਸੀ।
ਵਕੀਲ ਨੇ ਕਿਹਾ ਕਿ ਕੁਝ ਦੋਸ਼ੀਆਂ ਨੇ ਹਾਲੇ ਤੱਕ ਕਾਨੂੰਨੀ ਵਿਕਲਪਾਂ ਦੀ ਵਰਤੋਂ ਨਹੀਂ ਕੀਤੀ ਹੈ। ਇਹ ਪਟੀਸ਼ਨ ਵਿਸ਼ੇਸ਼ ਜੱਜ ਏਕੇ ਜੈਨ ਸਾਹਮਣੇ ਪੇਸ਼ ਕੀਤੀ ਗਈ ਜਿਨ੍ਹਾਂ ਨੇ ਕਿਹਾ ਇਸ ਪਟੀਸ਼ਨ 'ਤੇ ਦੁਪਿਹਰ ਤੋਂ ਬਾਅਦ ਸੁਣਵਾਈ ਕੀਤੀ ਜਾਵੇਗੀ।
ਤੁਹਾਨੂੰ ਦੱਸ ਦਈਏ ਕਿ 16-17 ਦਸੰਬਰ 2012 ਦੀ ਅੱਧੀ ਰਾਤ ਨੂੰ ਪੈਰਾ ਮੈਡੀਕਲ ਦੀ ਇਕ 23 ਸਾਲਾ ਵਿਦਿਆਰਥਣ ਨਾਲ ਚਲਦੀ ਬੱਸ ਵਿੱਚ 6 ਲੋਕਾਂ ਨੇ ਸਮੂਹਿਕ ਬਲਾਤਕਾਰ ਕੀਤਾ।
ਇਸ ਤੋਂ ਬਾਅਦ ਉਸ ਨੂੰ ਬੱਸ 'ਚੋਂ ਸੜਕ ‘ਤੇ ਸੁੱਟ ਦਿੱਤਾ। ਇਸ ਘਟਨਾ ਤੋਂ ਬਾਅਦ ਉਸ ਨੂੰ ਇਲਾਜ ਲਈ ਸਿੰਗਾਪੁਰ ਲਜਾਇਆ ਗਿਆ ਜਿੱਥੇ 29 ਦਸੰਬਰ ਨੂੰ ਉਸ ਦੀ ਮੌਤ ਹੋ ਗਈ।