ਪੁਣੇ: ਰਾਸ਼ਟਰੀ ਜਾਂਚ ਏਜੰਸੀ ਨੇ ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ ਮੌਡੀਊਲ ਦੀਆਂ ਗਤੀਵਿਧੀਆਂ ਨਾਲ ਸਬੰਧਤ ਇੱਕ ਕੇਸ ਵਿੱਚ ਮਹਾਰਾਸ਼ਟਰ ਦੇ ਪੁਣੇ ਤੋਂ ਇੱਕ ਮਹਿਲਾ ਸਣੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਐਨਆਈਏ ਦੀ ਇੱਕ ਟੀਮ ਨੇ ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ ਮੌਡੀਊਲ ਦੀਆਂ ਗਤੀਵਿਧੀਆਂ ਨਾਲ ਜੁੜੇ ਇੱਕ ਕੇਸ ਵਿੱਚ ਪੁਣੇ ਦੇ ਕੋਂਧਵਾ ਅਤੇ ਯਰਵਦਾ ਖ਼ੇਤਰਾਂ ਤੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ ਇੱਕ ਅੱਤਵਾਦੀ ਸੰਗਠਨ ਹੈ। ਅਧਿਕਾਰੀ ਨੇ ਦੱਸਿਆ ਕਿ ਪੁਣੇ ਪੁਲਿਸ ਨੇ ਐਨਆਈਏ ਨੂੰ ਲੋੜੀਂਦਾ ਸਮਾਨ ਦੀ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਬੀਲ ਸਿੱਦਕੀ ਖੱਤਰੀ ਅਤੇ ਸਾਦੀਆ ਅਨਵਰ ਸ਼ੇਖ ਵਜੋਂ ਹੋਈ ਹੈ।
ਅਧਿਕਾਰੀ ਨੇ ਦੱਸਿਆ ਕਿ ਸਾਦੀਆ ਸ਼ੇਖ ਦੇ ਖਿਲਾਫ ਸਾਲ 2018 ਵਿੱਚ ਚੇਤਾਵਨੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਉਸ ਦੀ ਪਛਾਣ ਇੱਕ ਅੱਤਵਾਦੀ ਸੰਗਠਨ ਦੇ ਫਿਆਦਿਨ ਅੱਤਵਾਦੀ ਵਜੋਂ ਹੋਈ ਸੀ। ਫਿਆਦਿਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਆਪਣੀ ਕੁਰਬਾਨੀ ਦੇ ਦਿੰਦੇ ਹਨ। ਹਲਾਂਕਿ ਸਾਦੀਆ ਸ਼ੇਖ ਨੂੰ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਅਧਿਕਾਰੀ ਨੇ ਕਿਹਾ , " ਸਾਲ 2015 ਵਿੱਚ ਅੱਤਵਾਦ ਰੋਕੂ ਦਸਤੇ ਦੀ ਪੁਣੇ ਦੀ ਬ੍ਰਾਂਚ ਵੱਲੋਂ ਸ਼ੇਖ ਦੀ ਕੱਟਰਪੰਥੀ ਮਾਨਸਿਕਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਐਨਆਈਏ ਨੂੰ ਇਨ੍ਹਾਂ ਦੋਹਾਂ ਬਾਰੇ ਦੋ ਹੋਰਨਾਂ ਵਿਅਕਤੀਆਂ ਕੋਲੋਂ ਸੂਚਨਾ ਮਿਲੀ ਸੀ, ਜਿਨ੍ਹਾਂ ਨੂੰ ਕਿ ਹਾਲ ਹੀ ਵਿੱਚ ਦਿੱਲੀ ਪੁਲਿਸ ਨੇ ਜਾਮੀਆ ਨਗਰ ਤੋਂ ਗ੍ਰਿਫ਼ਤਾਰ ਕੀਤਾ ਸੀ।