ਰਾਇਪੁਰ: ਰਾਜਧਾਨੀ ਰਾਇਪੁਰ ਦੀ ਰਹਿਣ ਵਾਲੀ ਪ੍ਰੇਮਲਤਾ ਪਾਟਿਲ ਸਮਾਜ ਲਈ ਮਿਸਾਲ ਹੈ। ਪ੍ਰੇਮਲਤਾ ਨੇ ਲੱਕੜਾਂ ਵੇਚਕੇ ਆਪਣੇ ਬੇਟੇ ਆਤੀਸ਼ ਨੂੰ ਵੇਟਲਿਫਟਿੰਗ ਦੀ ਟ੍ਰੇਨਿੰਗ ਦਿੱਤੀ ਅਤੇ ਅੱਜ ਆਤੀਸ਼ ਛੱਤੀਸਗੜ੍ਹ ਦੇ ਪਹਿਲੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਦਾ ਸਲੈਕਸ਼ਨ ਮਰਚੈਂਟ ਨੇਵੀ ਵਿੱਚ ਹੋਇਆ ਹੈ। ਆਤੀਸ਼ ਦੇ ਇਸ ਸੰਘਰਸ਼ ਵਿੱਚ ਉਸਦੇ ਕੋਚ ਨੇ ਵੀ ਉਸਦਾ ਪੂਰਾ ਸਾਥ ਦਿੱਤਾ ਹੈ।
ਪ੍ਰੇਮਲਤਾ ਪਾਟਿਲ ਨੇ ਦੱਸਿਆ ਕਿ ਆਤੀਸ਼ ਦੇ ਪਿਤਾ ਬਚਪਨ ਵਿੱਚ ਹੀ ਚਲੇ ਗਏ ਸਨ। ਉਨ੍ਹਾਂ ਦੇ ਪਤੀ ਦੇ ਜਾਣ ਤੋਂ ਬਾਅਦ ਉਨ੍ਹਾਂ ਲਈ ਦੋ ਵਕਤ ਦੀ ਰੋਟੀ ਦਾ ਇੰਤਜਾਮ ਕਰਨਾ ਵੀ ਮੁਸ਼ਕਲ ਹੋ ਗਿਆ ਸੀ। ਪ੍ਰੇਮਲਤਾ ਨਾ ਤਾਂ ਜ਼ਿਆਦਾ ਪੜ੍ਹੀ-ਲਿਖੀ ਹੈ ਅਤੇ ਨਾ ਹੀ ਕਦੇ ਕੰਮ ਕਰਨ ਲਈ ਘਰ ਤੋਂ ਬਾਹਰ ਨਿਕਲੀ ਸੀ। ਪਤੀ ਦੇ ਜਾਣ ਤੋਂ ਬਾਅਦ ਅਚਾਨਕ ਸਾਰੀ ਜ਼ਿੰਮੇਵਾਰੀ ਪ੍ਰੇਮਲਤਾ ਉੱਤੇ ਆ ਗਈ, ਪਰ ਪ੍ਰੇਮਲਤਾ ਨੇ ਹਾਰ ਨਹੀਂ ਮੰਨੀ।
ਪ੍ਰੇਮਲਤਾ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਦੀਆਂ ਕਿ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੇ ਬੱਚਿਆਂ ਨਾਲ ਆਪਣੇ ਪੇਕੇ ਚਲੀ ਗਈ ਸੀ। ਇੱਥੇ ਉਹ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦੀ ਸੀ ਅਤੇ ਲੱਕੜਾਂ ਵੇਚਦੀ ਸੀ। ਕਮਰਾ ਇੰਨਾ ਛੋਟਾ ਸੀ ਕਿ ਜੇ ਉੱਥੇ ਚਾਰ ਲੋਕ ਇਕੱਠੇ ਖੜੇ ਹੋਣ ਜਾਣ ਤਾਂ ਪੈਰ ਰੱਖਣ ਨੂੰ ਵੀ ਜਗ੍ਹਾ ਨਾ ਮਿਲੇ। ਪ੍ਰੇਮਲਤਾ ਨੇ 14 ਸਾਲ ਤੱਕ ਲੱਕੜਾਂ ਵੇਚਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ। ਸਮੇਂ ਦੇ ਨਾਲ ਆਤੀਸ਼ ਆਪਣੇ ਮਾਮੇ ਦੇ ਨਾਲ ਜਿਮ ਜਾਣ ਲਗਾ ਅਤੇ ਵੇਟਲਿਫਟਿੰਗ ਸਿੱਖਣ ਲੱਗਾ।
ਆਤੀਸ਼ ਵੇਟਲਿਫਟਿੰਗ ਵਿੱਚ ਛੇ ਵਾਰ ਨੈਸ਼ਨਲ ਖੇਡ ਚੁੱਕੇ ਹਨ। ਉਨ੍ਹਾਂ ਨੇ 3 ਸਿਲਵਰ ਅਤੇ ਇੱਕ ਬ੍ਰਾਂਜ ਮੈਡਲ ਆਪਣੇ ਨਾਂਅ ਕੀਤਾ ਹੈ, ਹੁਣ ਉਨ੍ਹਾਂ ਦਾ ਸਿਲੈਕਸ਼ਨ ਮਰਚੈਂਟ ਨੇਵੀ ਵਿੱਚ ਹੋ ਗਿਆ ਹੈ। ਆਤੀਸ਼ ਦੱਸਦੇ ਹਨ ਕਿ ਉਨ੍ਹਾਂ ਦੇ ਕੋਚ ਨੇ ਉਨ੍ਹਾਂ ਦੀ ਕਾਫ਼ੀ ਮਦਦ ਕੀਤੀ ਹੈ। ਆਤੀਸ਼ ਦੱਸਦੇ ਹਨ ਕਿ ਮੇਰੇ ਕੋਚ ਨੇ ਮੇਰੀ ਡਾਈਟ, ਮੇਰੇ ਆਉਣ-ਜਾਣ ਦੇ ਖਰਚੇ ਦਾ ਕਾਫ਼ੀ ਖਿਆਲ ਰੱਖਿਆ। ਜੇ ਉਹ ਨਾ ਹੁੰਦੇ ਤਾਂ ਸ਼ਾਇਦ ਹੀ ਉਹ ਅੱਜ ਇੱਥੇ ਪਹੁੰਚ ਸਕਦਾ। ਆਤੀਸ਼ ਦੀ ਨੌਕਰੀ ਲੱਗਣ ਨਾਲ ਉਨ੍ਹਾਂ ਦੀ ਮਾਂ ਪ੍ਰੇਮਲਤਾ ਬੇਹੱਦ ਖੁਸ਼ ਹੈ, ਉਹ ਕਹਿੰਦੀ ਹੈ ਕਿ ਹੁਣ ਮੈਨੂੰ ਲੱਕੜਾਂ ਨਹੀਂ ਵੇਚਣੀਆਂ ਪੈਣਗੀਆਂ ਅਤੇ ਮੈਂ ਆਪਣੀਆਂ ਦੋਹਾਂ ਕੁੜੀਆਂ ਦਾ ਵਿਆਹ ਵੀ ਕਰ ਸਕਾਂਗੀ।