ਸ਼ਿਮਲਾ: ਕੋਰੋਨਾ ਸੰਕਰਮਣ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਨੂੰ ਸ਼ਿਮਲਾ ਵਿੱਚ ਬਾਜ਼ਾਰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਜ਼ਿਲ੍ਹਾ ਪ੍ਰ਼ਸ਼ਾਸਨ ਦੇ ਫ਼ੈਸਲੇ ਤੋਂ ਬਾਅਦ ਐਤਵਾਰ ਨੂੰ ਰਾਜਧਾਨੀ ਦੇ ਬਾਜ਼ਾਰ ਸਵੇਰ ਤੋਂ ਹੀ ਬੰਦ ਰਹੇ।
ਸ਼ਹਿਰ ਵਿੱਚ ਜ਼ਰੂਰੀ ਵਸਤੂਆਂ, ਢਾਬਾ, ਰੈਸਟੋਰੈਂਟ ਤੋਂ ਇਲਾਵਾ ਹੋਰ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹੀਆਂ। ਜ਼ਿਲ੍ਹਾ ਪ੍ਰਸ਼ਾਸਨ ਦੇ ਫ਼ੈਸਲੇ ਦਾ ਸ਼ਹਿਰ ਦੇ ਵਪਾਰੀਆਂ ਨੇ ਪੂਰੀ ਤਰ੍ਹਾਂ ਸਮਰਥਨ ਕੀਤਾ ਅਤੇ ਕਿਤੇ ਵੀ ਕੋਈ ਵੀ ਦੁਕਾਨ ਖੁੱਲ੍ਹੀ ਨਜ਼ਰ ਨਹੀਂ ਆਈ। ਹਾਲਾਂਕਿ, ਬਾਜ਼ਾਰ ਵਿੱਚ ਕੁੱਝ ਲੋਕ ਪੁੱਜੇ ਸਨ, ਪਰ ਕੋਈ ਦੁਕਾਨ ਖੁੱਲ੍ਹੀ ਨਹੀਂ ਸੀ। ਉਥੇ, ਹਫ਼ਤੇ ਦਾ ਆਖ਼ਰੀ ਦਿਨ ਹੋਣ ਦੇ ਚਲਦਿਆਂ ਸ਼ਹਿਰ ਵਿੱਚ ਕਾਫੀ ਲੋਕ ਘੁੰਮਣ ਵੀ ਪੁੱਜੇ ਸਨ, ਜਿਨ੍ਹਾਂ ਨੂੰ ਨਿਰਾਸ਼ਾ ਹੱਥ ਲੱਗੀ।
ਸ਼ਿਮਲਾ ਵਪਾਰ ਮੰਡਲ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਐਤਵਾਰ ਦੁਕਾਨਾਂ ਬੰਦ ਰੱਖਣ ਅਤੇ ਹੁਕਮਾਂ ਦੀ ਪਾਲਣਾ ਕਰਨ ਸਬੰਧੀ ਭਰੋੋਸਾ ਦਿਵਾਇਆ ਹੈ। ਸ਼ਿਮਲਾ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤੋਂ ਬਾਅਦ ਦੁਕਾਨਾਂ ਬੰਦ ਰੱਖੀਆਂ ਗਈਆਂ ਹਨ। ਸਾਰੇ ਵਪਾਰੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਸ ਸਬੰਧੀ ਵਪਾਰੀਆਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਵਪਾਰ ਮੰਡਲ ਦੇ ਪ੍ਰਧਾਨ ਨੇ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਾਹਰੋਂ ਘੁੰਮਣ ਆ ਰਹੇ ਲੋਕਾਂ 'ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਲੋਕ ਬਿਨ੍ਹਾਂ ਮਾਸਕ ਤੋਂ ਘੁੰਮ ਰਹੇ ਹਨ, ਜਿਸ ਨਾਲ ਸੰਕਰਮਣ ਫੈਲਣ ਦਾ ਖ਼ਦਸ਼ਾ ਵੱਧ ਗਿਆ ਹੈ।
ਦੱਸ ਦਈਏ ਕਿ ਰਾਜਧਾਨੀ ਵਿੱਚ ਐਤਵਾਰ ਨੂੰ ਦੁਕਾਨਾਂ ਬੰਦ ਰੱਖੀਆਂ ਜਾਂਦੀਆਂ ਸਨ, ਪਰ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਸ਼ਹਿਰ ਦੇ ਵਪਾਰੀਆਂ ਦੀ ਮੰਗ 'ਤੇ ਪ੍ਰਸ਼ਾਸਨ ਨੇ ਐਤਵਾਰ ਨੂੰ ਬਾਜ਼ਾਰ ਖੁੱਲ੍ਹੇ ਰੱਖਣ ਦੀ ਮਨਜੂਰੀ ਦਿੱਤੀ ਸੀ। ਉਥੇ, ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਲੇਬਰ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਕੋਰੋਨਾ ਸੰਕਰਮਣ ਤੋਂ ਬਚਣ ਲਈ ਐਤਵਾਰ ਨੂੰ ਜ਼ਰੂਰੀ ਵਸਤਾਂ ਤੋਂ ਇਲਾਵਾ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।