ਕੋਲਕਾਤਾ: ਨਾਗਰਿਕ ਸੋਧ ਕਾਨੂੰਨ ਦੇ ਵਿਰੋਧ ਵਿੱਚ ਜਿੱਥੇ ਦੇਸ਼ ਵਿੱਚ ਬਵਾਲ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸਿਆਸਤ ਇਸ ਮੁੱਦੇ ਨੂੰ ਲੈ ਕੇ ਕਾਫ਼ੀ ਭੱਖਦੀ ਨਜ਼ਰ ਆ ਰਹੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 13 ਜਨਵਰੀ ਨੂੰ ਸੋਨੀਆ ਗਾਂਧੀ ਦੀ ਅਗਵਾਈ ਹੇਠ ਦਿੱਲੀ ਵਿੱਚ ਆਯੋਜਿਤ ਵਿਰੋਧੀ ਪਾਰਟੀਆਂ ਦੀ ਮੀਟਿੰਗ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਮਮਤਾ ਬੈਨਰਜੀ ਨੇ ਬੰਗਾਲ ਵਿਧਾਨ ਸਭਾ ਵਿੱਚ ਕਿਹਾ ਕਿ ਕਾਂਗਰਸ ਅਤੇ ਹੋਰ ਪਾਰਟੀਆਂ ਨੇ ਬੁੱਧਵਾਰ ਨੂੰ ਬੰਦ ਦੌਰਾਨ ਰਾਜ ਵਿੱਚ ਹੰਗਾਮਾ ਖੜਾ ਕਰ ਦਿੱਤਾ, ਜਿਸ ਕਾਰਨ ਅਸੀਂ ਕਾਂਗਰਸ ਵੱਲੋਂ ਇਸ ਦੇ ਵਿਰੋਧ ਵਿੱਚ ਆਯੋਜਿਤ ਕੀਤੀ ਮੀਟਿੰਗ 'ਚ ਹਿੱਸਾ ਨਹੀਂ ਲਵਾਂਗੇ। ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ ਕਿਹਾ ਕਿ ਸੀਏਏ, ਐਨਆਰਸੀ, ਐਨਪੀਆਰ ਵਿਰੁੱਧ ਸਾਡੀ ਲੜਾਈ ਜਾਰੀ ਰਹੇਗੀ ਪਰ ਅਸੀਂ ਬੰਦ ਅਤੇ ਹਿੰਸਕ ਪ੍ਰਦਰਸ਼ਨਾਂ ਦਾ ਸਮਰਥਨ ਨਹੀਂ ਕਰਾਂਗੇ।
ਦੱਸ ਦਈਏ ਕਿ ਬੁੱਧਵਾਰ ਨੂੰ ਕਈ ਸੰਗਠਨਾਂ ਨੇ ਕੇਂਦਰ ਦੀਆਂ ਆਰਥਿਕ ਨੀਤੀਆਂ ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਕੋਲਕਾਤਾ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਸਵੇਰੇ ਹਿੰਸਾ ਦੀ ਖ਼ਬਰ ਮਿਲੀ ਸੀ। ਉੱਤਰੀ 24 ਪਰਗਣਾ ਜ਼ਿਲ੍ਹੇ ਵਿੱਚ ਕਈ ਸੰਗਠਨਾਂ ਦੇ ਸਮਰਥਕਾਂ ਨੇ ਟ੍ਰੇਡ ਯੂਨੀਅਨਾਂ ਵੱਲੋਂ ਹੜਤਾਲ ਦੀ ਮੰਗ ਦਾ ਸਮਰਥਨ ਕਰਨ ਲਈ ਸਵੇਰੇ 'ਰੇਲ ਰੋਕ' ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਦੇਸੀ ਬੰਬ ਵੀ ਬਰਾਮਦ ਕੀਤੇ ਗਏ ਸਨ।