ਮੁੰਬਈ: ਮਹਾਰਾਸ਼ਟਰ ਵਿੱਚ 20 ਦਿਨਾਂ ਦੇ ਅੰਦਰ ਨਵੀਂ ਸਰਕਾਰ ਬਣ ਸਕਦੀ ਹੈ। ਸਰਕਾਰ ਬਣਾਉਣ ਲਈ ਬਣਾਈ ਗਈ ਐਨਸੀਪੀ ਤਾਲਮੇਲ ਕਮੇਟੀ ਦੇ ਇਕ ਮੈਂਬਰ ਨੇ ਇਹ ਦਾਅਵਾ ਕੀਤਾ ਹੈ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ-ਐਨਸੀਪੀ ਅਤੇ ਕਾਂਗਰਸ ਦੀ ਸਰਕਾਰ ਬਣਾਉਣ ਤਹਿਤ ਮੁੰਬਈ ਵਿੱਚ ਪਹਿਲੀ ਵਾਰ ਤਿੰਨੋਂ ਪਾਰਟੀਆਂ ਇਕੱਠੀਆਂ ਹੋਈਆਂ।
ਤਿੰਨੋਂ ਪਾਰਟੀਆਂ ਵਲੋਂ ਮਹਾਰਾਸ਼ਟਰ ਵਿੱਚ ਗੱਠਜੋੜ ਸਰਕਾਰ ਬਣਾਉਣ ਦੇ ਫਾਰਮੂਲੇ ਵਿਚਾਰ ਵਟਾਂਦਰੇ ਕੀਤੇ ਗਏ ਹਨ। ਬੁੱਧਵਾਰ ਨੂੰ ਕਾਂਗਰਸ ਅਤੇ ਐਨਸੀਪੀ ਨੇਤਾਵਾਂ ਦੀ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਸ਼ਿਵ ਸੈਨਾ ਨੇ ਵੀ ਵੀਰਵਾਰ ਨੂੰ ਇਨ੍ਹਾਂ ਦੋਵਾਂ ਪਾਰਟੀਆਂ ਨਾਲ ਮੁਲਾਕਾਤ ਕੀਤੀ। ਤਿੰਨੋਂ ਪਾਰਟੀਆਂ ਦੇ ਨੇਤਾਵਾਂ ਮਿਲ ਕੇ ਸਰਕਾਰ ਬਣਾਉਣ ਦੇ ਫਾਰਮੂਲੇ ‘ਤੇ ਵਿਚਾਰ ਵਟਾਂਦਰੇ ਕੀਤੇ।
ਐਨਸੀਪੀ ਨੇਤਾ ਮੁਤਾਬਕ, ਇਸ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਮੁੰਬਈ ਵਿੱਚ ਤਿੰਨ ਪਾਰਟੀਆਂ ਦਰਮਿਆਨ ਆਪਸੀ ਸਮਝੌਤੇ ਤੋਂ ਬਾਅਦ ਸੋਨੀਆ ਗਾਂਧੀ ਅਤੇ ਸ਼ਰਦ ਪਵਾਰ ਇੱਕ ਵਾਰ ਫਿਰ ਦਿੱਲੀ ਵਿੱਚ ਮੁਲਾਕਾਤ ਕਰਨਗੇ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ 20 ਦਿਨਾਂ ਦੇ ਸਰਕਾਰ ਬਣਾ ਲਈ ਜਾਵੇ।
ਇਸ ਦੌਰਾਨ ਹਸਪਤਾਲ ਤੋਂ ਘਰ ਆਏ ਸੰਜੇ ਰਾਉਤ ਨੇ ਇਕ ਵਾਰ ਫਿਰ ਭਾਜਪਾ ‘ਤੇ ਵਾਅਦਾ ਤੋੜਨ ਦਾ ਦੋਸ਼ ਲਗਾਇਆ। ਇਸ ਵਾਰ ਉਨ੍ਹਾਂ ਦੇ ਨਿਸ਼ਾਨੇ ਉੱਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਨ।
ਇਹ ਵੀ ਪੜ੍ਹੋ: ਚੀਨ ਨਾਲ ਸਾਡੀ ਨੇੜਤਾ 'ਤੇ ਚਿੰਤਾ ਨਾ ਕਰੇ ਭਾਰਤ: ਸ੍ਰੀਲੰਕਾ
ਜਿੱਥੇ, ਤਿੰਨੋਂ ਪਾਰਟੀਆਂ ਦੀ ਤਾਲਮੇਲ ਕਮੇਟੀ ਮੈਂਬਰਾਂ ਦੀਆਂ ਬੈਠਕਾਂ ਦਾ ਦੌਰ ਮੁੰਬਈ ਵਿੱਚ ਜਾਰੀ ਹੈ, ਉੱਥੇ ਹੀ, ਐਨਸੀਪੀ ਨੇਤਾ ਸ਼ਰਦ ਪਵਾਰ ਵਿਦਰਭ ਦੇ 2 ਦਿਨਾਂ ਦੌਰੇ ‘ਤੇ ਚੱਲੇ ਹੋਏ ਹਨ। ਸ਼ਿਵ ਸੈਨਾ ਦੇ ਪ੍ਰਧਾਨ ਉੱਧਵ ਠਾਕਰੇ ਵੀ ਕਿਸਾਨਾਂ ਨੂੰ ਮਿਲਣ ਲਈ ਮੁੰਬਈ ਤੋਂ ਬਾਹਰ ਜਾ ਰਹੇ ਹਨ। ਸੱਤਾ ਦੇ ਇਸ ਨਵੇਂ ਸਮੀਕਰਣ ਵਿੱਚ ਮਤਭੇਦ ਅਤੇ ਮਨਭੇਦ ਖ਼ਤਮ ਹੋ ਚੁੱਕੇ ਹਨ, ਪਰ ਅਜੇ ਵੀ ਸੱਤਾ ਦੀ ਵੰਡ 'ਤੇ ਸਹਿਮਤੀ ਹੋਣੀ ਬਾਕੀ ਹੈ।