ਪਟਨਾ: ਅਯੁੱਧਿਆ ਵਿੱਚ ਵਿਵਾਦਿਤ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਭਗਵਾਨ ਰਾਮ ਨਾਲ ਸਬੰਧਤ ਸਾਹਿਤ ਪ੍ਰਤੀ ਲੋਕਾਂ ਦੀ ਰੁਚੀ ਵਧ ਗਈ ਹੈ।
ਨੌਜਵਾਨ ਰਾਮ ਚਰਿਤਮਾਨਸ ਜਾਂ ਸ੍ਰੀ ਰਾਮ ਦੀ ਜੀਵਨੀ ਨਾਲ ਸਬੰਧਤ ਕਿਤਾਬਾਂ ਦੀ ਖਰੀਦਦਾਰੀ ਕਰ ਰਹੇ ਹਨ। ਪਟਨਾ ਪੁਸਤਕ ਮੇਲੇ ਵਿੱਚ ਆਏ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਧਾਰਮਿਕ ਕਿਤਾਬਾਂ ਵਿੱਚ ਸਭ ਤੋਂ ਜ਼ਿਆਦਾ ਰਾਮ ਦੀਆਂ ਕਿਤਾਬਾਂ ਵਿਕ ਰਹੀਆਂ ਹਨ। ਇਹੀ ਕਾਰਨ ਹੈ ਕਿ ਭਗਵਾਨ ਰਾਮ ਦੀਆਂ ਪੁਸਤਕਾਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਿਰਫ ਤਿੰਨ ਦਿਨਾਂ ਵਿੱਚ ਹੀ ਆਉਟ ਆਫ ਸਟਾਕ ਹੋ ਗਈਆਂ ਹਨ।
ਦੱਸ ਦਈਏ ਕਿ ਪਟਨਾ ਦੇ ਗਾਂਧੀ ਮੈਦਾਨ ਵਿੱਚ ਕਿਤਾਬ ਮੇਲਾ ਲਗਿਆ ਹੋਇਆ ਹੈ। ਇਸ ਪੁਸਤਕ ਮੇਲੇ ਵਿੱਚ ਰਾਜ ਭਰ ਤੋਂ ਨੌਜਵਾਨ ਅਤੇ ਵਿਦਿਆਰਥੀ ਕਿਤਾਬਾਂ ਖਰੀਦਣ ਆਉਂਦੇ ਹਨ। ਹਾਲਾਂਕਿ ਪਟਨਾ ਬੁੱਕ ਮੇਲੇ ਵਿੱਚ ਬਹੁਤ ਸਾਰੇ ਪ੍ਰਕਾਸ਼ਕਾਂ ਦੀਆਂ ਸਟਾਲਾਂ ਹਨ, ਪਰ ਇਸ ਵਾਰ ਲੋਕ ਧਾਰਮਿਕ ਗ੍ਰੰਥਾਂ ਵਿੱਚ ਵਧੇਰੇ ਰੁਚੀ ਲੈ ਰਹੇ ਹਨ। ਇਹੀ ਕਾਰਨ ਹੈ ਕਿ ਮੇਲੇ ਵਿੱਚ ਧਾਰਮਿਕ ਕਿਤਾਬਾਂ ਦੇ ਸਟਾਲਾਂ 'ਤੇ ਲੋਕਾਂ ਦੀ ਵਧੇਰੇ ਭੀੜ ਵੇਖੀ ਜਾ ਰਹੀ ਹੈ। ਉਨ੍ਹਾਂ ਵਿੱਚ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ।
ਕਿਤਾਬ ਮੇਲੇ ਵਿੱਚ ਸਟਾਲ ਲਗਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਭਗਵਾਨ ਰਾਮ ਦੀਆਂ ਕਿਤਾਬਾਂ ਧਾਰਮਿਕ ਗ੍ਰੰਥਾਂ ਵਿੱਚ ਸਭ ਤੋਂ ਵੱਧ ਖਰੀਦੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਆਉਣ ਵਾਲੇ ਨੌਜਵਾਨ ਭਗਵਾਨ ਰਾਮ ਦੀ ਜੀਵਨੀ ਬਾਰੇ ਜਾਨਣ ਵਿੱਚ ਵਧੇਰੇ ਰੁਚੀ ਰੱਖਦੇ ਹਨ।