ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਕਹਿਰ ਨੂੰ ਵੇਖਦਿਆਂ ਭਾਰਤ 'ਚ 3 ਮਈ ਤੋਂ ਬਾਅਦ ਹੋਰ ਦੋ ਹਫਤਿਆਂ ਲਈ ਲੌਕਡਾਊਨ 'ਚ ਵਾਧਾ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਲੌਕਡਾਊਨ 3 ਮਈ ਤੱਕ ਜਾਰੀ ਰਹਿਣਾ ਸੀ ਪਰ ਹੁਣ ਵਾਧੇ ਤੋਂ ਬਾਅਦ ਲੌਕਡਾਊਨ ਦੀ ਮਿਆਦ 17 ਮਈ ਤੱਕ ਵੱਧ ਗਈ ਹੈ।
ਦੱਸਣਯੋਗ ਹੈ ਕਿ ਲੌਕਡਾਊਨ ਦਾ ਦੂਜਾ ਪੜਾਅ ਖ਼ਤਮ ਹੋਣ ਤੋਂ ਪਹਿਲਾਂ ਹੀ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਜ਼ਿਲ੍ਹਿਆਂ ਨੂੰ ਰੇਡ, ਔਰੇਂਜ ਅਤੇ ਗ੍ਰੀਨ ਜ਼ੋਨ 'ਚ ਵੰਡ ਦਿੱਤਾ ਹੈ ਜਿਸ 'ਚ ਦੇਸ਼ ਦੇ 130 ਜ਼ਿਲ੍ਹੇ ਰੇਡ ਜ਼ੋਨ, 284 ਨੂੰ ਔਰੇਂਜ ਜ਼ੋਨ ਅਤੇ 319 ਨੂੰ ਗ੍ਰੀਨ ਜ਼ੋਨ ਚ ਰੱਖਿਆ ਗਿਆ ਹੈ। ਇਨ੍ਹਾਂ ਇਲਾਕਿਆਂ ਨੂੰ ਕੋਵਿਡ-19 ਦੇ ਮਾਮਲਿਆਂ ਦੀ ਦਰ ਦੁੱਗਣੀ, ਜਾਂਚ ਸਮਰੱਥਾ ਸਬੰਧੀ ਮਿਲੀ ਜਾਣਕਾਰੀ ਦੇ ਅਧਾਰ 'ਤੇ ਸ਼੍ਰੇਣੀਬੱਧ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਕਈ ਹਦਾਇਤਾਂ ਵੀ ਦਿੱਤੀਆਂ ਹਨ ਜਿਨ੍ਹਾਂ 'ਤੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 3 ਮਈ ਤੋਂ ਅਮਲ ਕਰਨਗੇ।
- ਰੇਡ 'ਚ ਜ਼ੋਨ ਚ ਜਾਰੀ ਰਹਿਣਗੀਆਂ ਪਾਬੰਦੀਆਂ।
- ਰੇਡ ਜ਼ੋਨ 'ਚ ਸਾਈਕਲ ਰਿਕਸ਼ਾ, ਆਟੋ ਰਿਕਸ਼ਾ ਅਤੇ ਕਾਰ ਸੇਵਾ ਰਹੇਗੀ ਬੰਦ।
- ਇੱਕ ਤੋਂ ਦੂਜੇ ਸੂਬੇ 'ਚ ਜਾਣ ਲ਼ਈ ਬੱਸ ਸੇਵੀ ਵੀ ਰਹੇਗੀ ਬੰਦ।
ਇਨ੍ਹਾਂ ਸਭ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ 'ਚ ਰੱਖਦਿਆਂ ਔਰੇਂਜ ਅਤੇ ਗ੍ਰੀਨ ਜ਼ੋਨ 'ਚ ਕਈ ਰਿਆਇਤਾਂ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਲੌਕਡਾਊਨ ਵਧਾਉਣ ਦਾ ਫ਼ੈਸਲਾ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰੀ ਕੈਬੀਨੇਟ ਦੀ ਬੈਠਕ 'ਚ ਲਿਆ ਗਿਆ ਹੈ ਜਿਸ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਪੀਯੂਸ਼ ਗੋਇਲ, ਹਰਦੀਪ ਪੁਰੀ ਅਤੇ ਸਿਹਤ ਮੰਤਰੀ ਹਰਸ਼ਵਰਧਨ ਅਤੇ ਕਈ ਹੋਰ ਮੰਤਰੀ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ 35 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ ਜਦ ਕਿ 1152 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਜਿਸ ਕਾਰਨ ਸਰਕਾਰ ਵੱਲੋਂ ਲੌਕਡਾਊਨ 'ਚ ਵਾਧਾ ਕਰਨਾ ਜ਼ਰੂਰੀ ਹੋ ਗਿਆ ਸੀ।