ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐਨਆਈਏ) ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਨੂੰ ਗਿਰਫ਼ਤਾਰ ਕੀਤਾ ਹੈ, ਜੋ ਕਿ ਸਾਲ 2007 ਦੇ ਗਲਾਸਗੋ ਹਵਾਈ ਅੱਡੇ ਹਮਲੇ ਦੇ ਮਾਸਟਰਮਾਈਂਡ ਨਾਲ ਨੇੜਲਾ ਸਬੰਧ ਰੱਖਦਾ ਹੈ। ਸ਼ਬੀਲ ਅਹਿਮਦ ਨਾਂਅ ਦੇ ਅੱਤਵਾਦੀ ਨੂੰ ਸਾਊਦੀ ਅਰਬ ਤੋਂ ਭਾਰਤ ਲਿਆਉਣ ਮਗਰੋਂ ਐਨਆਈਏ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਸ਼ਨਿਵਾਰ ਨੂੰ ਕੀਤੀ।
ਜਾਂਚ ਨਾਲ ਜੁੜੇ ਐਨਆਈਏ ਦੇ ਸੀਨੀਅਰ ਅਧਿਕਾਰੀਆਂ ਦੇ ਅਨੁਸਾਰ ਸ਼ਬੀਲ ਅਹਿਮਦ ਨੂੰ ਸ਼ੁੱਕਰਵਾਰ ਦੇਰ ਰਾਤ ਭਾਰਤ ਲਿਆਂਦਾ ਗਿਆ ਸੀ।
ਅਹਿਮਦ 2010-11 ਵਿੱਚ ਬੈਂਗਲੁਰੂ ਤੋਂ ਸਾਊਦੀ ਅਰਬ ਚਲਾ ਗਿਆ ਸੀ। ਐਨਆਈਏ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਬੇਨਤੀ ਕਰਦਿਆਂ ਕਿਹਾ ਕਿ 2007 ਵਿੱਚ ਹੋਏ ਹਮਲੇ ਦੇ ਸਬੰਧ ਵਿੱਚ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।
ਅਧਿਕਾਰੀ ਨੇ ਦੱਸਿਆ ਕਿ ਅਹਿਮਦ ਬ੍ਰਿਟੇਨ ਦੇ ਏਅਰਪੋਰਟ ਹਮਲੇ ਦੇ ਮਾਸਟਰਮਾਈਂਡ ਕਫੀਲ ਅਹਿਮਦ ਦਾ ਰਿਸ਼ਤੇਦਾਰ ਹੈ। ਅੱਤਵਾਦ ਰੋਕੂ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਹਿਮਦ 2015 ਵਿੱਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵੱਲੋਂ ਦਰਜ ਕੀਤੇ ਇੱਕ ਕੇਸ ਵਿੱਚ ਲੋੜੀਂਦਾ ਸੀ ਅਤੇ 12 ਜੁਲਾਈ, 2016 ਨੂੰ ਇੱਕ ਦਿੱਲੀ ਦੀ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ।
ਅਗਸਤ 2017 ਵਿੱਚ, ਭਾਰਤੀ ਏਜੰਸੀਆਂ ਨੇ ਸਈਦ ਮੁਹੰਮਦ ਜ਼ਿਸ਼ਾਨ ਅਲੀ ਨਾਂਅ ਦੇ ਸ਼ੱਕੀ ਵਿਅਕਤੀ ਨੂੰ ਸਾਊਦੀ ਅਰਬ ਤੋਂ ਲਿਆਂਦਾ ਸੀ। ਮੰਨਿਆ ਜਾਂਦਾ ਹੈ ਕਿ ਉਸ ਦਾ ਵਿਆਹ ਅਹਿਮਦ ਦੀ ਭੈਣ ਨਾਲ ਹੋਇਆ ਸੀ।
ਅਧਿਕਾਰੀ ਨੇ ਅੱਗੇ ਕਿਹਾ ਕਿ ਅਹਿਮਦ ਨੂੰ ਦਿੱਲੀ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ ਨੂੰ ਟਰਾਂਜ਼ਿਟ ਰਿਮਾਂਡ 'ਤੇ ਅਗਲੀ ਜਾਂਚ ਲਈ ਬੈਂਗਲੁਰੂ ਸਮੇਤ ਹੋਰ ਥਾਵਾਂ 'ਤੇ ਲਿਜਾਇਆ ਜਾਵੇਗਾ।