ਨਵੀਂ ਦਿੱਲੀ: ਆਈਐਨਐਕਸ ਮੀਡੀਆ ਕੇਸ ਵਿੱਚ ਬੁੱਧਵਾਰ ਰਾਤ ਨੂੰ ਆਖ਼ਰਕਾਰ ਸੀਬੀਆਈ ਦੀ ਟੀਮ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੂੰ ਹਿਰਾਸਤ 'ਚ ਲੈ ਲਿਆ ਹੈ। ਸੀਬੀਆਈ ਦੀ ਟੀਮ ਨੇ ਚਿਦੰਬਰਮ ਦੇ ਘਰ ਦੀ ਦੀਵਾਰ ਟਪ ਕੇ ਉਨ੍ਹਾਂ ਨੂੰ ਹਿਰਾਸਤ 'ਚ ਲਿਆ। ਚਿਦੰਬਰਮ ਨੂੰ ਵੀਰਵਾਰ ਨੂੰ ਸੀਬੀਆਈ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
ਚਿਦੰਬਰਮ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਨੇ ਕਿਹਾ ਹੈ ਕਿ ਇਹ ਸਭ ਕੁਝ ਭਾਜਪਾ ਦੇ ਇਸ਼ਾਰੇ 'ਤੇ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁਝ ਭਾਜਪਾ ਹੀ ਕਰਾ ਰਹੀ ਹੈ ਡੋਨਾਲਡ ਟਰੰਪ ਨਹੀਂ ਕਰਵਾ ਰਿਹਾ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਜਾਵਾਂਗੇ।
ਆਈਐਨਐਕਸ ਮੀਡੀਆ ਘਪਲਾ ਮਾਮਲੇ ਵਿੱਚ ਘਿਰੇ ਪੀ ਚਿਦੰਬਰਮ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਸੀ। ਚਿਦੰਬਰਮ ਕਾਂਗਰਸ ਦੇ ਦਫ਼ਤਰ ਵਿੱਚ ਲਗਪਗ 10 ਮਿੰਟ ਰੁਕੇ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀਬੀਆਈ ਦੀ ਟੀਮ ਵੀ ਪਹੁੰਚੀ ਸੀ, ਪਰ ਇਸ ਤੋਂ ਪਹਿਲਾਂ ਉਹ ਉੱਥੋਂ ਚਲੇ ਗਏ ਸਨ। ਜਿਸ ਤੋਂ ਬਾਅਦ ਸੀਬੀਆਈ ਦੀ ਟੀਮ ਚਿਦੰਬਰਮ ਦੇ ਘਰ ਵਿੱਚ ਦਾਖ਼ਲ ਹੋਈ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ।