ਨਵੀਂ ਦਿੱਲੀ: ਮੱਧ ਪ੍ਰਦੇਸ਼ ਕਾਂਗਰਸ ਦੇ ਦਿੱਗਜ ਅਤੇ ਸਾਬਕਾ ਜਨਰਲ ਸਕੱਤਰ ਜੋਤੀਰਾਦਿੱਤਿਆ ਸਿੰਧੀਆ ਦੀ ਪਾਰਟੀ ਹਾਈ ਕਮਾਂਡ ਤੋਂ ਨਾਰਾਜ਼ਗੀ ਇੱਕ ਵਾਰ ਮੁੜ ਸਾਹਮਣੇ ਆਈ ਹੈ।
ਸਿੰਧੀਆ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਆਪਣੀ ਕਾਂਗਰਸ ਦੀ ਪਛਾਣ ਹਟਾ ਦਿੱਤੀ ਹੈ। ਟਵਿੱਟਰ ਦੇ ਨਵੇਂ ਬਾਇਓ 'ਚ ਸਿੰਧੀਆ ਨੇ ਆਪਣੇ ਆਪ ਨੂੰ ਇੱਕ ਲੋਕ ਸੇਵਕ ਅਤੇ ਕ੍ਰਿਕਟ ਪ੍ਰੇਮੀ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪੱਖੀ ਵਿਧਾਇਕ ਇਮਰਤੀ ਦੇਵੀ ਨੇ ਵੀ ਆਪਣੇ ਟਵਿੱਟਰ ਪ੍ਰੋਫਾਈਲ ਤੋਂ ਕੈਬਨਿਟ ਮੰਤਰੀ ਦੀ ਪਛਾਣ ਨੂੰ ਹਟਾ ਦਿੱਤੀ ਹੈ।
ਹਾਲਾਂਕਿ, ਸਿੰਧੀਆ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੈਂ ਇਕ ਮਹੀਨੇ ਪਹਿਲਾਂ ਟਵਿੱਟਰ 'ਤੇ ਆਪਣਾ ਬਾਇਓ ਬਦਲਿਆ ਸੀ। ਲੋਕਾਂ ਦੀ ਸਲਾਹ 'ਤੇ ਮੈਂ ਆਪਣਾ ਟਵਿੱਟਰ ਬਾਇਓ ਛੋਟਾ ਕਰ ਦਿੱਤਾ ਸੀ। ਇਸ ਬਾਰੇ ਅਫਵਾਹਾਂ ਬੇਬੁਨਿਆਦ ਹਨ।
ਦੱਸਣਾ ਬਣਦਾ ਹੈ ਕਿ ਜੋਤੀਰਾਦਿੱਤਿਆ ਸਿੰਧੀਆ ਨੇ ਪਹਿਲਾਂ ਆਪਣੇ ਟਵਿੱਟਰ ਪ੍ਰੋਫਾਈਲ 'ਤੇ ਆਪਣਾ ਅਹੁਦਾ ਲਿਖਿਆ ਸੀ- ਕਾਂਗਰਸ ਦੇ ਜਨਰਲ ਸਕੱਤਰ, ਗੁਨਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ (2002-2019) ਅਤੇ ਸਾਬਕਾ ਕੇਂਦਰੀ ਮੰਤਰੀ।