ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਠੰਡ ਦੇ ਮੌਸਮ ਵਿੱਚ ਸਿਆਸਤ ਕਾਫੀ ਭੱਖ ਗਈ ਹੈ, ਇੱਕ ਪਾਸੇ ਜਿੱਥੇ ਦਿੱਲੀ ਵਿੱਚ ਭਾਜਪਾ ਨੇ ਅਕਾਲੀਆਂ ਨਾਲ ਗਠਜੋੜ ਤੋੜ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਹੁਣ ਭਾਜਪਾ ਦੀ ਸਹਿਯੋਗੀ ਪਾਰਟੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਵੀ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪੈਰ ਪਿਛੇ ਹਟਾ ਲਏ ਹਨ।
ਜੇਜੇਪੀ ਨੇ ਵੀ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਐਲਾਨ ਕਰਦੇ ਹੋਏ ਕਿਹਾ ਕਿ ਜੇਜੇਪੀ ਦਿੱਲੀ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੀ ਸਮੀਖਿਆ ਕਰਨ ਤੋਂ ਬਾਅਦ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਨਾ ਉਤਾਰਣ ਦਾ ਫੈਸਲਾ ਲਿਆ ਹੈ।
ਦੱਸਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜੇਜੇਪੀ ਚੋਣ ਲੜਨ ਦੀ ਤੈਆਰੀ ਕਰ ਰਹੀ ਸੀ। ਪਾਰਟੀ ਬਾਹਰੀ ਦਿੱਲੀ ਵਿੱਚ ਜਾਟ-ਦਬਦਬੇ ਵਾਲੀਆਂ 12 ਸੀਟਾਂ 'ਤੇ ਚੋਣ ਲੜਨਾ ਚਾਹੁੰਦੀ ਸੀ ਅਤੇ ਇਸ ਲਈ ਉਹ ਭਾਜਪਾ ਨਾਲ ਗੱਠਜੋੜ ਕਰਨਾ ਚਾਹੁੰਦੀ ਸੀ। ਚੋਣਾਂ ਵਿਚ ਗੱਠਜੋੜ ਲਈ ਭਾਜਪਾ ਅਤੇ ਜੇਜੇਪੀ ਵਿਚਾਲੇ ਗੱਲਬਾਤ ਵੀ ਕੀਤੀ ਗਈ ਸੀ ਅਤੇ ਕੁਝ ਸੀਟਾਂ 'ਤੇ ਸਮਝੌਤੇ ਬਾਰੇ ਕਿਆਸ ਲਗਾਏ ਜਾ ਰਹੇ ਸਨ। ਇਸ ਦੌਰਾਨ ਭਾਜਪਾ ਨੇ ਉਨ੍ਹਾਂ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਿਸ 'ਤੇ ਦੁਸ਼ਯੰਤ ਚੌਟਾਲਾ ਜੇਜੇਪੀ ਉਮੀਦਵਾਰ ਖੜ੍ਹੇ ਕਰਨਾ ਚਾਹੁੰਦੇ ਸਨ। ਜਿਸ ਤੋਂ ਬਾਅਦ ਜੇਜੇਪੀ ਨੇ ਦਿੱਲੀ ਵਿੱਚ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।