ਝਾਰਖੰਡ: ਕਿਹਾ ਜਾਂਦਾ ਹੈ ਕਿ ਜੇ ਤੁਹਾਡੇ ਕੋਲ ਕੁੱਝ ਕਰਨ ਦਾ ਜਨੂੰਨ ਹੋਵੇ, ਤਾਂ ਮੁਸੀਬਤਾਂ ਤੁਹਾਡੇ ਸਾਹਮਣੇ ਗੋਡੇ ਟੇਕ ਦਿੰਦੀਆਂ ਹਨ। ਕੁੱਝ ਅਜਿਹਾ ਹੀ ਕਰ ਵਿਖਾਇਆ ਹੈ ਝਾਰਖੰਡ ਦੇ ਰਹਿਣ ਵਾਲੇ ਧਨੰਜੈ ਮਾਝੀ ਨੇ ਜਿਨ੍ਹਾਂ ਨੇ ਆਪਣੀ ਗਰਭਵਤੀ ਪਤਨੀ ਦੀ ਪ੍ਰੀਖਿਆ ਦਿਵਾਉਣ ਲਈ ਝਾਰਖੰਡ ਤੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ਤੱਕ 1200 ਕਿਲੋਮੀਟਰ ਦਾ ਸਫ਼ਰ ਸਕੂਟੀ 'ਤੇ ਤੈਅ ਕੀਤਾ।
ਝਾਰਖੰਡ ਦੇ ਟੋਲਾ ਪਿੰਡ ਦੇ ਧਨੰਜੈ ਮਾਝੀ ਦੀ ਪਤਨੀ ਅਨੀਤਾ, ਡੀ.ਐਡ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਹੈ। ਧਨੰਜੈ ਗੁਜਰਾਤ ਵਿੱਚ ਕੁੱਕ ਦਾ ਕੰਮ ਕਰਦਾ ਸੀ। ਪਰ ਤਾਲਾਬੰਦੀ ਕਾਰਨ ਉਸਦੀ ਨੌਕਰੀ ਚਲੀ ਗਈ। ਉਦੋਂ ਤੋਂ ਉਹ ਘਰ ਵਿੱਚ ਹੀ ਸੀ।
ਰਾਹ 'ਚ ਆਈਆਂ ਕਈ ਰੁਕਾਵਟਾਂ
ਜਦੋਂ ਪਤਨੀ ਦੀ ਪ੍ਰੀਖਿਆ ਦੀ ਤਾਰੀਕ ਆਈ, ਤਾਂ ਉਸਨੇ ਗਵਾਲੀਅਰ ਬੱਸ ਰਾਹੀਂ ਆਉਣ ਬਾਰੇ ਸੋਚਿਆ। ਜਦੋਂ ਨਿੱਜੀ ਬੱਸਾਂ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇੱਕ ਵਿਅਕਤੀ ਦਾ ਕਿਰਾਇਆ 15 ਹਜ਼ਾਰ ਰੁਪਏ ਲੱਗੇਗਾ। ਪਰ ਉਸਦੀ ਵਿੱਤੀ ਹਾਲਤ ਅਜਿਹੀ ਨਹੀਂ ਸੀ ਕਿ ਉਹ ਇਹ ਖਰਚਾ ਚੁੱਕ ਸਕੇ। ਇਸ ਲਈ ਉਸਨੇ ਰੇਲ ਦੀ ਟਿਕਟ ਬੁੱਕ ਕਰਾਈ ਪਰ ਮੌਕੇ 'ਤੇ ਟ੍ਰੇਨ ਵੀ ਰੱਦ ਹੋ ਗਈ।
ਪਤਨੀ ਨੂੰ ਪ੍ਰੀਖਿਆ ਦਿਵਾਉਣ ਦਾ ਜਨੂੰਨ
ਧਨੰਜੈ ਕੋਲ ਆਪਣੀ ਪਤਨੀ ਨੂੰ ਇਮਤਿਹਾਨ ਲਈ ਮੱਧ ਪ੍ਰਦੇਸ਼ ਦੇ ਗਵਾਲੀਅਰ ਭੇਜਣ ਦਾ ਕੋਈ ਤਰੀਕਾ ਨਹੀਂ ਸੀ। ਫਿਰ ਉਸ ਨੇ ਆਪਣੇ 'ਤੇ ਭਰੋਸਾ ਕੀਤਾ ਅਤੇ ਸਕੂਟੀ 'ਤੇ 6 ਮਹੀਨੇ ਦੀ ਗਰਭਵਤੀ ਪਤਨੀ ਨਾਲ ਗਵਾਲੀਅਰ ਪਹੁੰਚਣ ਦਾ ਫ਼ੈਸਲਾ ਕੀਤਾ। ਰਸਤੇ ਵਿੱਚ ਪੈਟਰੋਲ ਅਤੇ ਖਾਣੇ ਦਾ ਪ੍ਰਬੰਧ, ਅਗਲੀ ਚੁਣੌਤੀ ਸੀ। ਇਸ ਲਈ, ਪਤਨੀ ਨੇ ਆਪਣੇ ਗਹਿਣੇ ਗਿਰਵੀ ਰੱਖ ਕੇ ਇਸ ਸਮੱਸਿਆ ਦਾ ਹੱਲ ਲੱਭਿਆ। ਗਵਾਲੀਅਰ ਆਉਣ ਤੋਂ ਬਾਅਦ, ਉਨ੍ਹਾਂ ਸਾਹਮਣੇ ਇੱਕ ਨਵੀਂ ਸਮੱਸਿਆ ਖੜ੍ਹੀ ਹੋਈ ਕਿ ਉਹ ਕਿੱਥੇ ਰਹਿਣ ਅਤੇ ਇਮਤਿਹਾਨ ਦੇਣ ਕਰਨ ਤੋਂ ਬਾਅਦ, ਝਾਰਖੰਡ ਵਾਪਿਸ ਕਿਵੇਂ ਆਉਣਗੇ?
ਈ.ਟੀ.ਵੀ. ਭਾਰਤ ਦੀ ਖ਼ਬਰ ਦਾ ਅਸਰ
ਇਸ ਦੌਰਾਨ, ਈ.ਟੀ.ਵੀ. ਭਾਰਤ ਦਾ ਸਾਹਮਣਾ ਧਨੰਜੈ ਨਾਲ ਹੋ ਗਿਆ। ਸਾਡੇ ਨੁਮਾਇੰਦੇ ਨੇ ਦੋਵਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਅਤੇ ਉਨ੍ਹਾਂ ਦੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ। ਈ.ਟੀ.ਵੀ. ਭਾਰਤ ਵੱਲੋਂ ਖ਼ਬਰ ਪ੍ਰਕਾਸ਼ਤ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਕੁੱਝ ਸਮਾਜ ਸੇਵੀਆਂ ਨੇ ਮਦਦ ਲਈ ਹੱਥ ਵਧਾਏ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਜੋੜੀ ਨੂੰ ਮਦਦ ਲਈ 5,000 ਰੁਪਏ ਦਾ ਚੈੱਕ ਦਿੱਤਾ, ਉੱਥੇ ਕੁੱਝ ਸਮਾਜ ਸੇਵੀਆਂ ਨੇ ਉਨ੍ਹਾਂ ਦੇ ਖਾਣ-ਪੀਣ ਅਤੇ ਰਹਿਣ ਦਾ ਪ੍ਰਬੰਧ ਕੀਤਾ। ਹੁਣ ਧਨੰਜੈ ਦੇ ਘਰ ਇੱਕ ਬੇਟੇ ਦਾ ਜਨਮ ਹੋਇਆ ਹੈ। ਹਾਲਾਂਕਿ ਬੱਚਾ ਸਮੇਂ ਤੋਂ ਪਹਿਲਾਂ ਹੋਇਆ ਹੈ ਪਰ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ ਅਤੇ ਅਨੀਤਾ ਬਹੁਤ ਖੁਸ਼ ਹੈ।
ਅਧਿਆਪਕ ਬਣਨ ਦੀ ਇੱਛਾ
ਪਤਨੀ ਦੀ ਜ਼ਿੱਦ ਸੀ ਕਿ ਉਹ ਡੀ.ਐਡ ਦੀ ਪ੍ਰੀਖਿਆ ਦੇ ਕੇ ਆਉਣ ਵਾਲੇ ਸਮੇਂ ਵਿੱਚ ਇੱਕ ਅਧਿਆਪਕ ਬਣੇਗੀ ਤਾਂ ਜੋ ਉਸ ਦੇ ਪਰਿਵਾਰ ਦਾ ਸੰਕਟ ਖ਼ਤਮ ਹੋ ਜਾਵੇ, ਕਿਉਂਕਿ ਉਸ ਦੇ ਪਤੀ ਦੇ ਗੁਜਰਾਤ ਵਾਪਸ ਜਾਣ ਦੀ ਸੰਭਾਵਨਾ ਜ਼ੀਰੋ ਸੀ। ਪਤਨੀ ਦੇ ਜਨੂੰਨ ਨੂੰ ਸਲਾਮ ਕਰਦੇ ਹੋਏ, ਧਨੰਜੈ ਨੇ ਉਸ ਦਾ ਸਮਰਥਨ ਕਰਕੇ ਇੱਕ ਪਤੀ ਦਾ ਫ਼ਰਜ਼ ਨਿਭਾਇਆ। ਅਨੀਤਾ ਨੇ ਆਪਣੇ ਹੌਂਸਲੇ ਬੁਲੰਦ ਰੱਖੇ, ਦੋਵਾਂ ਦੇ ਜਜ਼ਬੇ ਨੂੰ ਵੇਖ ਕੇ ਹਰ ਕੋਈ ਉਨ੍ਹਾਂ ਨੂੰ ਸਲਾਮ ਕਰ ਰਿਹਾ ਹੈ। ਉਨ੍ਹਾਂ ਦੀ ਹਿੰਮਤ, ਲਗਨ ਅਤੇ ਮਿਹਨਤ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।