ਸ੍ਰੀਨਗਰ: ਬਾਹਰਵਾਰ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ’ਤੇ ਬੀਤੇ ਦਿਨੀਂ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ 4 ਦਹਿਸ਼ਤਗਰਦ ਢੇਰ ਹੋ ਗਏ ਸਨ। ਇਹ ਮੁਕਾਬਲਾਂ ਨਗਰੋਟਾ ਬੈਨ ਟੋਲ ਪਲਾਜ਼ਾ ਤੋਂ ਬਹੁਤ ਨੇੜੇ ਹੋਣ ਕਾਰਨ ਸੁਰੱਖਿਆ ਬਲਾਂ ਨੇ ਕੱਟੜਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲਿਆਂ ਦੀ ਚੈਕਿੰਗ ਵਧਾ ਦਿੱਤੀ ਹੈ। ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੁਰੱਖਿਆ ਬਲਾਂ ਤੇ ਅਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਮਰਣ ਵਾਲੇ 4 ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦ ਸਨ। ਆਈਜੀਪੀ ਜੰਮੂ ਮੁਕੇਸ਼ ਸਿੰਘ ਨੇ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦਾਂ ਕੋਲ ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲੀਸਿੱਕਾ ਮੌਜੂਦ ਸੀ ਤੇ ਊਹ ਕਿਸੇ ਵੱਡੀ ਯੋਜਨਾ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ।
ਜਾਣਕਾਰੀ ਅਨੁਸਾਰ ਚਾਰੇ ਦਹਿਸ਼ਤਗਰਦ ਇੱਕ ਟਰੱਕ ਵਿੱਚ ਸਫ਼ਰ ਕਰ ਰਹੇ ਸਨ ਤੇ ਇਸ ਦੌਰਾਨ ਸਲਾਮਤੀ ਦਸਤਿਆਂ ਨੇ ਸ਼ਾਹਰਾਹ ’ਤੇ ਨਗਰੋਟਾ ਨੇੜੇ ਬਾਨ ਟੌਲ ਪਲਾਜ਼ਾ ’ਤੇ ਟਰੱਕ ਨੂੰ ਰੋਕਿਆ ਤਾਂ ਦਹਿਸ਼ਤਗਰਦਾਂ ਨੇ ਪਹਿਲਾਂ ਗ੍ਰੇਨੇਡ ਸੁੱਟਿਆ ਤੇ ਮਗਰੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ।
ਇਸ ਸਾਲ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਅਜਿਹਾ ਦੂਜਾ ਮੁਕਾਬਲਾ ਹੈ। ਜਨਵਰੀ ਵਿੱਚ, ਸੁਰੱਖਿਆ ਬਲਾਂ ਦੁਆਰਾ ਤਿੰਨ ਅੱਤਵਾਦੀ ਮਾਰੇ ਗਏ ਸਨ। ਉਹ ਵੀ ਇਸੇ ਤਰ੍ਹਾਂ ਇੱਕ ਟਰੱਕ ਦੇ ਅੰਦਰ ਲੁਕੇ ਹੋਏ ਸਨ।ਦੱਸ ਦਈਏ ਕਿ ਡੀਡੀਸੀ ਚੋਣਾਂ ਦਾ ਪਹਿਲਾ ਪੜਾਅ 28 ਨਵੰਬਰ ਨੂੰ ਹੋਣ ਜਾ ਰਿਹਾ ਹੈ।