ਨਵੀਂ ਦਿੱਲੀ: ਪੂਰਬੀ ਲੱਦਾਖ ਵਿਚ ਤਣਾਅ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਦੌਰਾਨ ਐਤਵਾਰ ਨੂੰ ਭਾਰਤੀ ਅਤੇ ਚੀਨੀ ਫੌਜਾਂ ਨੇ ਗੱਲਬਾਤ ਦਾ ਇਕ ਹੋਰ ਦੌਰ ਆਯੋਜਿਤ ਕੀਤਾ, ਹਾਲਾਂਕਿ ਇਲਾਕੇ ਵਿੱਚ ਪਿਛਲੇ ਹਫਤੇ ਹੋਏ ਟਕਰਾਅ ਤੋਂ ਬਾਅਦ ਦੋਵੇਂ ਧਿਰਾਂ ਫੌਜੀਆਂ ਤੇ ਹਥਿਆਰਾਂ ਦੀ ਤੈਨਾਤੀ ਵਧਾ ਰਹੀਆਂ ਹਨ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਚੁਸ਼ੂਲ ਨੇੜੇ ਕਰੀਬ ਚਾਰ ਘੰਟੇ ਦੀ ਬ੍ਰਿਗੇਡ ਕਮਾਂਡਰ ਪੱਧਰ ਦੀ ਗੱਲਬਾਤ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ।
ਸੂਤਰਾਂ ਨੇ ਦੱਸਿਆ ਕਿ ਭਾਰਤੀ ਫੌਜ ਬਹੁਤ ਉੱਚ ਪੱਧਰੀ ਚੌਕਸੀ 'ਤੇ ਹੈ ਅਤੇ ਖੇਤਰ ਵਿਚ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਖਿੱਤੇ ਦੀ ਸਮੁੱਚੀ ਸਥਿਤੀ ਨਾਜ਼ੁਕ ਬਣੀ ਹੋਈ ਹੈ।
29 ਅਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਪੈਨਗੋਂਗ ਝੀਲ ਦੇ ਦੱਖਣੀ ਕੰਢੇ 'ਤੇ ਚੀਨੀ ਫੌਜ ਵੱਲੋਂ ਭਾਰਤੀ ਖੇਤਰਾਂ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਤੋਂ ਬਾਅਦ ਇਸ ਖੇਤਰ ਵਿਚ ਤਣਾਅ ਵੱਧ ਗਿਆ ਹੈ।
ਟਕਰਾਅ ਤੋਂ ਬਾਅਦ, ਭਾਰਤ ਨੇ ਚੀਨੀ ਫੌਜ ਦੇ ਮਹੱਤਵਪੂਰਨ ਠਿਕਾਣਿਆਂ 'ਤੇ ਨਜ਼ਰ ਰੱਖਣ ਲਈ ਚੁਸ਼ੂਲ ਸੈਕਟਰ ਵਿੱਚ ਕਈ ਰਣਨੀਤਿਕ ਉਚਾਈਆਂ ਨੂੰ ਵਰਤੋਂ ਵਿੱਚ ਲਿਆਂਦਾ ਹੈ। ਉਸ ਸਮੇਂ ਤੋਂ ਹੀ, ਚੀਨ ਨੇ ਖੇਤਰ ਵਿੱਚ ਵਾਧੂ ਸੈਨਿਕ, ਟੈਂਕ ਅਤੇ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ ਤਾਇਨਾਤ ਕੀਤੀਆਂ ਹਨ।
ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਵੱਲੋਂ ਕੀਤੇ ਗਏ ਸੁਧਾਰਾਂ ਤੋਂ ਬਾਅਦ ਭਾਰਤ ਨੇ ਵੀ ਆਪਣੀ ਲੜਾਈ ਸਮਰੱਥਾ ਨੂੰ ਮਜ਼ਬੂਤ ਕੀਤਾ ਹੈ।
ਦੋਵਾਂ ਪੱਖਾਂ ਨੇ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਵਿਆਪਕ ਗੱਲਬਾਤ ਕੀਤੀ, ਹਰੇਕ ਮੀਟਿੰਗ 6 ਘੰਟੇ ਤੋਂ ਵੱਧ ਚੱਲੀ, ਪਰ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ।
ਸ਼ੁੱਕਰਵਾਰ ਨੂੰ ਮਾਸਕੋ ਵਿੱਚ ਆਪਣੇ ਚੀਨੀ ਹਮਰੁਤਬਾ ਜਨਰਲ ਵੇਈ ਫੇਂਗੇ ਨਾਲ ਗੱਲਬਾਤ ਕਰਦਿਆਂ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਕੇਤ ਦਿੱਤਾ ਸੀ ਕਿ ਚੀਨ ਦਾ ਵੱਡੀ ਗਿਣਤੀ ਵਿੱਚ ਫੌਜ ਇਕੱਠੀ ਕਰਨਾ, ਇਸਦਾ ਹਮਲਾਵਰ ਰਵੱਈਆ ਅਤੇ ਲੱਦਾਖ ਵਿੱਚ ਸਥਿਤੀ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦੁਵੱਲੇ ਸਮਝੌਤਿਆਂ ਦੀ ਉਲੰਘਣਾ ਹੈ।
ਉਨ੍ਹਾਂ ਨੇ ਵੇਈ ਨੂੰ ਇਹ ਵੀ ਕਿਹਾ ਕਿ ਚੀਨ ਨੂੰ ਅਸਲ ਕੰਟਰੋਲ ਰੇਖਾ (ਐਲਏਸੀ) ਦਾ ਸਖ਼ਤੀ ਨਾਲ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਇਸਦੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਸੂਤਰਾਂ ਨੇ ਦੱਸਿਆ ਕਿ ਸਿੰਘ ਨੇ ਵੇਈ ਨੂੰ ਦ੍ਰਿੜਤਾ ਨਾਲ ਕਿਹਾ ਕਿ ਭਾਰਤ 'ਇਕ ਇੰਚ ਜ਼ਮੀਨ' ਵੀ ਨਹੀਂ ਦੇਵੇਗਾ ਅਤੇ 'ਹਰ ਕੀਮਤ 'ਤੇ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ' ਲਈ ਵਚਨਬੱਧ ਹੈ।
ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਚੀਨ ਨੇ ਪੂਰਬੀ ਲੱਦਾਖ ਤੋਂ ਲਗਭਗ 310 ਕਿਲੋਮੀਟਰ ਦੀ ਦੂਰੀ ‘ਤੇ ਰਣਨੀਤਕ ਤੌਰ ‘ਤੇ ਸਥਿਤ ਹੋਟਨ ਏਅਰਬੇਸ ‘ਤੇ ਜੇ -20 ਲੰਬੀ ਦੂਰੀ ਦੇ ਲੜਾਕੂ ਜਹਾਜ਼ਾਂ ਅਤੇ ਕਈ ਹੋਰ ਪ੍ਰਮੁੱਖ ਹਥਿਆਰਾਂ ਨੂੰ ਤਾਇਨਾਤ ਕੀਤਾ ਹੈ।
ਪਿਛਲੇ ਤਿੰਨ ਮਹੀਨਿਆਂ ਵਿਚ, ਭਾਰਤੀ ਹਵਾਈ ਫੌਜ ਨੇ ਆਪਣੇ ਲਗਭਗ ਸਾਰੇ ਮੋਰਚੇ ਦੇ ਲੜਾਕੂ ਜਹਾਜ਼ ਜਿਵੇਂ ਕਿ ਸੁਖੋਈ 30 ਐਮ.ਕੇ.ਆਈ., ਜੇਗੁਆਰ ਅਤੇ ਮਿਰਾਜ 2000 ਦੇ ਜਹਾਜ਼ਾਂ ਨੂੰ ਪੂਰਬੀ ਲੱਦਾਖ ਵਿਚ ਅਤੇ ਐਲ.ਏ.ਸੀ. ਦੇ ਨਾਲ ਹੋਰ ਥਾਵਾਂ 'ਤੇ ਪ੍ਰਮੁੱਖ ਹਵਾਈ ਅੱਡਿਆਂ ਵਿਚ ਤਾਇਨਾਤ ਕੀਤਾ ਹੈ।
ਭਾਰਤ ਅਤੇ ਚੀਨ ਨੇ ਪਿਛਲੇ ਢਾਈ ਮਹੀਨਿਆਂ ਦੌਰਾਨ ਫੌਜੀ ਅਤੇ ਕੂਟਨੀਤਕ ਗੱਲਬਾਤ ਦੇ ਕਈ ਦੌਰ ਹੋਏ ਹਨ, ਪਰ ਪੂਰਬੀ ਲੱਦਾਖ 'ਤੇ ਸਰਹੱਦੀ ਵਿਵਾਦ ਦਾ ਕੋਈ ਮਹੱਤਵਪੂਰਨ ਹੱਲ ਨਹੀਂ ਨਿਕਲਿਆ।