ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਸੰਸਦ 'ਚ ਆਰਥਿਕ ਸਰਵੇਖਣ ਪੇਸ਼ ਕੀਤਾ। ਸਰਵੇਖਣ ਦਾ ਅਨੁਮਾਨ ਹੈ ਕਿ ਆਉਣ ਵਾਲੇ ਵਿੱਤੀ ਸਾਲ (2020-21) 'ਚ ਜੀਡੀਪੀ ਵਾਧਾ 6-6.5% ਹੋ ਸਕਦਾ ਹੈ। ਮੌਜੂਦਾ ਵਿੱਤੀ ਸਾਲ 2019-20 ਵਿੱਚ ਜੀਡੀਪੀ ਵਿਕਾਸ ਦਰ 5% ਰਹਿਣ ਦਾ ਅਨੁਮਾਨ ਹੈ।
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਦੇ ਬੁਨਿਆਦੀ ਢਾਂਚੇ ਚ ਅਗਲੇ ਪੰਜ ਸਾਲਾਂ ਚ ਵੱਧ ਨਿਵੇਸ਼ ਕਰਨ ਦੀ ਲੋੜ ਹੈ ਤੇ ਇਸ ਦੇ ਲਈ ਕੇਂਦਰ ਸਰਕਾਰ ਇੱਕ ਸੌ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਖਰਚ ਕਰੇਗੀ।
ਸਰਵੇਖਣ 'ਚ ਕਿਹਾ ਗਿਆ ਹੈ ਕਿ ਵਿਕਾਸ ਨੂੰ ਵਧਾਉਣ ਲਈ ਵਿੱਤੀ ਘਾਟੇ ਦੇ ਟੀਚੇ ਨੂੰ ਵਾਪਸ ਲੈਣਾ ਪੈ ਸਕਦਾ ਹੈ। ਭਾਰਤ ਵਿਸ਼ਵ ਵਿਆਪੀ ਵਾਧੇ ਦੀ ਕਮਜ਼ੋਰੀ ਤੋਂ ਵੀ ਪ੍ਰਭਾਵਿਤ ਹੋ ਰਿਹਾ ਹੈ। ਵਿੱਤੀ ਖੇਤਰ ਦੀਆਂ ਸਮੱਸਿਆਵਾਂ ਕਾਰਨ ਨਿਵੇਸ਼ ਦੀ ਘਾਟ ਕਾਰਨ ਮੌਜੂਦਾ ਵਿੱਤੀ ਵਰ੍ਹੇ 'ਚ ਵਾਧਾ ਵੀ ਘਟਿਆ ਹੈ।
ਆਰਥਿਕ ਸਰਵੇਖਣ ਦਰਸਾਉਂਦਾ ਹੈ ਕਿ ਪਿਛਲੇ ਸਾਲ ਆਰਥਿਕ ਮੋਰਚੇ 'ਤੇ ਦੇਸ਼ ਦੀ ਹਾਲਤ ਕਿਵੇਂ ਸੀ? ਆਰਥਿਕ ਸਰਵੇਖਣ ਜ਼ਰੀਏ ਮੁੱਖ ਆਰਥਿਕ ਸਲਾਹਕਾਰ ਸਰਕਾਰ ਨੂੰ ਸੁਝਾਅ ਵੀ ਦਿੰਦੇ ਹਨ, ਤਾਂ ਜੋ ਆਰਥਿਕਤਾ ਦੇ ਉਦੇਸ਼ਾਂ ਨੂੰ ਹਾਸਲ ਕੀਤਾ ਜਾ ਸਕੇ।