ਨਵੀਂ ਦਿੱਲੀ: ਭਾਰਤੀ ਫ਼ੌਜ ਆਪਣੇ ਜਵਾਨਾਂ ਨੂੰ ਬਚਾਉਣ ਲਈ ਅਮਰੀਕਾ ਤੋਂ 72,000 ਸਿਲ ਸਾਰ ਅਸਾਲਟ ਰਾਈਫ਼ਲ ਦੀ ਖ਼ਰੀਦ ਨੂੰ ਲੈ ਕੇ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਪੈਦਲ ਸੈਨਾ (ਇਨਫੈਨਟਰੀ) ਦੇ ਆਧੁਨਿਕੀਕਰਨ ਦੇ ਤਹਿਤ ਇਹ ਖ਼ਰੀਦ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਇਸ ਬਾਰੇ ਦੱਸਿਆ।
ਇਹ ਖਰੀਦ ਅਜਿਹੇ ਵੇਲੇ ਕੀਤੀ ਜਾ ਰਹੀ ਹੈ ਜਦੋਂ ਪੂਰਬੀ ਲੱਦਾਖ਼ ਖੇਤਰ ਵਿੱਚ ਭਾਰਤੀ ਤੇ ਚੀਨ ਫ਼ੌਜ ਦੇ ਵਿਚਕਾਰ ਸਰਹੱਦ 'ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਾਈਫ਼ਲਾਂ ਦੀ ਵਰਤੋਂ ਚੀਨ ਨਾਲ ਲੱਗਦੀ ਸਰਹੱਦ 'ਤੇ ਤਾਇਨਾਤ ਫ਼ੌਜੀ ਕਰਨਗੇ।
ਫ਼ੌਜ ਵੱਡੇ ਪੱਧਰ 'ਤੇ ਆਧੁਨਿਕੀਕਰਨ ਮੁਹਿੰਮ ਚਲਾ ਰਹੀ ਹੈ ਜਿਸ ਤਹਿਤ ਪੁਰਾਣੇ ਤੇ ਅਪ੍ਰਚਲਿਤ ਹਥਿਆਰਾਂ ਦੀ ਥਾਂ ਸੈਨਿਕਾਂ ਲਈ ਲਾਈਟ ਮਸ਼ੀਨ ਗਨ, ਲੜਾਈ ਦੀਆਂ ਕਾਰਬਾਈਨਾਂ ਅਤੇ ਅਸਾਲਟ ਰਾਈਫਲਾਂ ਖਰੀਦੀਆਂ ਜਾ ਰਹੀਆਂ ਹਨ। ਸਾਲ 2017 ਵਿੱਚ ਅਕਤੂਬਰ ਵਿੱਚ ਫੌਜ ਨੇ ਕਰੀਬ 7 ਲੱਖ ਰਾਈਫ਼ਲ, 44,000 ਹਲਕੀ ਮਸ਼ੀਨ ਗਨ ਤੇ ਲਗਭਗ 44,600 ਕਾਰਬਾਈਨ ਖ਼ਰੀਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਚੀਨ ਤੇ ਪਾਕਿਸਤਾਨ ਦੀ ਸਰਹੱਦ 'ਤੇ ਵੱਧਦੀ ਸੁਰੱਖਿਆ ਚੁਣੌਤੀਆਂ ਵਿਚਕਾਰ ਭਾਰਤ ਵੱਖ-ਵੱਖ ਹਥਿਆਰਾਂ ਦੀ ਖ਼ਰੀਦ 'ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ।