ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ 76 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 7745 ਮੌਤਾਂ ਹੋ ਚੁੱਕੀਆਂ ਹਨ। ਬੁੱਧਵਾਰ ਨੂੰ ਭਾਰਤ ਵਿੱਚ ਪਹਿਲੀ ਵਾਰ 11 ਹਜ਼ਾਰ ਤੋਂ ਵੱਧ ਨਵੇਂ ਪੌਜ਼ੀਟਿਵ ਮਾਮਲੇ ਦਰਜ ਕੀਤੇ ਗਏ ਅਤੇ ਦੁਨੀਆ ਭਰ ਵਿੱਚ ਭਾਰਤ ਕੋਰੋਨਾ ਮਾਮਲਿਆਂ 'ਚ 5ਵੇਂ ਨੰਬਰ 'ਤੇ ਆ ਚੁੱਕਿਆ ਹੈ।
ਦੇਸ਼ ਵਿੱਚ ਲੌਕਡਾਊਨ 'ਚ ਢਿੱਲ ਦੇਣ ਤੋਂ ਬਾਅਦ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਪਹਿਲੀ ਵਾਰ ਇੱਕ ਦਿਨ 'ਚ 11 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਸਾਹਮਣੇ ਆਏ। ਇਸ ਤੋਂ ਪਹਿਲਾਂ 7 ਜੂਨ ਨੂੰ ਸਭ ਤੋਂ ਵੱਧ 10884 ਕੋਰੋਨਾ ਪੌਜ਼ੀਟਿਵ ਸਾਹਮਣੇ ਆਏ ਸਨ। ਇਸ ਤੋਂ ਇੱਕ ਦਿਨ ਪਹਿਲਾਂ 6 ਜੂਨ ਨੂੰ 10428, 5 ਜੂਨ ਨੂੰ 9379, 9 ਜੂਨ ਨੂੰ 8852 ਅਤੇ 8 ਜੂਨ ਨੂੰ 8444 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਜੂਨ ਦੇ ਪਹਿਲੇ 10 ਦਿਨਾਂ ਵਿੱਚ ਕੋਰੋਨਾ ਦੇ 96 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ: ਕੋਵਿਡ-19: ਪੰਜਾਬ 'ਚ 86 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 2805
ਮਹਾਰਾਸ਼ਟਰ ਭਾਰਤ ਦਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਰਾਜ ਹੈ। ਬੁਧਵਾਰ ਨੂੰ ਮਹਾਰਾਸ਼ਟਰ 'ਚ ਸਭ ਤੋਂ ਵੱਧ 3254 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਬੁੱਧਵਾਰ ਨੂੰ ਤਾਮਿਲਨਾਡੂ ਵਿੱਚ 1927, ਦਿੱਲੀ ਵਿੱਚ 1501 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ ਵੀ ਭਾਰਤ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਇੱਕ ਦਿਨ 'ਚ ਸਭ ਤੋਂ ਜ਼ਿਆਦਾ 387 ਮੌਤਾਂ ਦਰਜ ਕੀਤੀਆਂ ਗਈਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 110 ਮਰੀਜ਼ ਕੋਰੋਨਾ ਨਾਲ ਆਪਣੀ ਜਾਨ ਗਵਾ ਚੁੱਕੇ ਹਨ।
ਬੁੱਧਵਾਰ ਨੂੰ ਦਿੱਲੀ, ਮਹਾਰਾਸ਼ਟਰ ਸਮੇਤ 17 ਰਾਜਾਂ ਵਿੱਚ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ। ਗੁਜਰਾਤ ਵਿੱਚ 34 ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ। ਉੱਤਰ ਪ੍ਰਦੇਸ਼ ਵਿੱਚ ਪਹਿਲੀ ਵਾਰ ਇੱਕ ਦਿਨ 'ਚ 20 ਮਰੀਜ਼ਾਂ ਦੀ ਮੌਤ ਹੋ ਗਈ। ਉਧਰ, ਤਾਮਿਲਨਾਡੂ ਵਿੱਚ 19, ਪੱਛਮੀ ਬੰਗਾਲ ਵਿੱਚ 17, ਤੇਲੰਗਾਨਾ ਵਿੱਚ 8, ਮੱਧ ਪ੍ਰਦੇਸ਼ ਅਤੇ ਹਰਿਆਣਾ ਵਿੱਚ 7-7, ਰਾਜਸਥਾਨ ਵਿੱਚ 4, ਕਰਨਾਟਕ ਤੇ ਜੰਮੂ-ਕਸ਼ਮੀਰ ਵਿੱਚ 3-3, ਉਤਰਾਖੰਡ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਬਿਹਾਰ, ਆਂਧਰਾ ਪ੍ਰਦੇਸ਼, ਕੇਰਲ ਅਤੇ ਹਿਮਾਚਲ ਪ੍ਰਦੇਸ਼ ਵਿੱਚ 1-1 ਮੌਤ ਹੋਈ।