ਨਵੀਂ ਦਿੱਲੀ: ਹੈਦਰਾਬਾਦ ਦੀ ਇੱਕ ਵੈਟਨਰੀ ਡਾਕਟਰਨੀ ਨਾਲ ਸਮੂਹਿਕ ਜਬਰ ਜਨਾਹ ਕਰਨ ਦੇ ਬਾਅਦ ਉਸ ਦਾ ਕਤਲ ਵਾਲੇ ਚਾਰੇ ਮੁਲਜ਼ਮਾਂ ਦਾ ਐਨਕਾਊਂਟਰ ਹੋਣ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਸਵਾਲਿਆਂ ਤੇ ਫੁੱਲਾਂ ਦੀ ਵਰਖਾ ਕੀਤੀ ਹੈ।
28 ਨਵੰਬਰ ਨੂੰ ਜਿਸ ਪੁਲ ਹੇਠਾਂ ਪੀੜਤ ਦੀ ਸੜੀ ਹੋਈ ਲਾਸ਼ ਮਿਲੀ ਸੀ ਉਸ ਪੁਲ ਦੇ ਉੱਤੇ ਖੜ੍ਹੇ ਹੋ ਕੇ ਲੋਕਾਂ ਨੇ 'ਪੁਲਿਸ ਜ਼ਿੰਦਾਬਾਦ' ਦੇ ਨਾਅਰੇ ਲਾਏ ਅਤੇ ਫੁੱਲਾਂ ਦੀ ਵਰਖਾ ਕੀਤੀ।
ਹੈਦਰਾਬਾਦ ਤੋਂ ਕਰੀਬ 50 ਕਿਲੋਮੀਟਰ ਦੂਰ ਸ਼ਾਦਨਗਰ ਦੇ ਨੇੜੇ ਚਟਨਪੱਲੀ ਵਿੱਚ ਪੁਲਿਸ ਨੇ ਕਥਿਤ ਤੌਰ 'ਤੇ ਹਥਿਆਰਾ ਖੋਹ ਕੇ ਭੱਜਣ ਦੇ ਯਤਨ ਕਰ ਰਹੇ ਆਰੋਪੀਆਂ ਨੂੰ ਸ਼ੁੱਕਰਵਾਰ ਨੂੰ ਪੁਲਿਸ ਨੇ ਹਲਾਕ ਕਰ ਦਿੱਤਾ। ਪੁਲਿਸ ਉੱਥੇ ਮੌਕਾ ਏ ਵਾਰਦਾਤ ਦਾ ਕ੍ਰਾਈਮ ਸੀਨ ਸਮਝਾਉਣ ਲਈ ਆਰੋਪੀਆਂ ਨੂੰ ਲੈ ਕੇ ਗਈ ਸੀ। ਚਟਨਪੱਲੀ ਵਿੱਚ ਇਕੱਠੇ ਹੋਏ ਸੈਂਕੜੇ ਲੋਕਾਂ ਨੇ ਇੰਨਾਂ ਮੁਲਜ਼ਮਾਂ ਨੂੰ ਮਾਰਨ ਵਾਲੇ ਸਾਇਬਰਾਬਾਦ ਪੁਲਿਸ ਖ਼ਾਸ ਤੌਰ ਤੇ ਕਮਿਸ਼ਨਰ ਵੀ.ਸੀ ਸੱਜਣਨਾਰ ਦਾ ਧੰਨਵਾਦ ਕੀਤਾ।
30 ਨਵੰਬਰ ਨੂੰ ਸ਼ਾਦਨਗਰ ਥਾਣੇ ਦੇ ਬਾਹਰ ਕੀਤੇ ਗਏ ਵਿਰੋਧ ਪ੍ਰਦਰਸ਼ਨ ਦਾ ਜ਼ਿਕਰ ਕਰਦੇ ਹੋਏ ਇੱਕ ਨਾਗਰਿਕ ਨੇ ਕਿਹਾ, ਪ੍ਰਦਰਸ਼ਨ ਦੇ ਦੌਰਾਨ ਅਸੀਂ ਪੁਲਿਸ ਨੂੰ ਕਿਹਾ ਸੀ ਕਿ ਇਹ ਜਾਂ ਤਾਂ ਆਰੋਪੀਆਂ ਨੂੰ ਸਾਡੇ ਹਵਾਲੇ ਕਰ ਦੇਣ ਜਾਂ ਫਿਰ ਉਨ੍ਹਾਂ ਨੂੰ ਮੁਕਾਬਲੇ ਵਿੱਚ ਮਾਰ ਮਕਾਉਣ।'
ਜਿਵੇਂ ਹੀ ਮੁਕਾਬਲੇ ਦੀ ਖ਼ਬਰ ਫ਼ੈਲੀ, ਹੈਦਰਾਬਾਦ ਦੇ ਵੱਖ-ਵੱਖ ਥਾਵਾਂ ਅਤੇ ਤੇਲੰਗਾਨਾ ਦੇ ਹੋਰ ਅਸਥਾਨਾ ਤੋਂ ਲੋਕ ਮੁਕਾਬਲੇ ਵਾਲੀ ਜਗ੍ਹਾ ਤੇ ਪੁਲਿਸ ਦਾ ਧੰਨਵਾਦ ਕਰਨ ਲਈ ਪੁੱਜੇ। ਕਈਆਂ ਨੇ ਤਾਂ ਇਸ ਦੌਰਾਨ ਮਿਠਾਈ ਵੀ ਵੰਡੀ ਅਤੇ ਪਟਾਕੇ ਵੀ ਚਲਾਏ। ਪੁਲਿਸ ਨੂੰ ਇਸ ਮੁਕਾਬਲੇ ਦੀ ਵਧਾਈ ਸੰਦੇਸ਼ ਦੇਣ ਲਈ ਕਈ ਲੋਕਾਂ ਨੇ 100 ਨੰਬਰ ਵੀ ਡਾਇਲ ਕੀਤਾ।